ਬੱਸ ਅੱਡੇ ਦਾ ਰੇੜਕਾ: ਸੰਘਰਸ਼ ਕਮੇਟੀ ਵੱਲੋਂ ਬਠਿੰਡਾ ’ਚ ਰੋਸ ਮਾਰਚ
‘ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ’ ਵੱਲੋਂ ਸ਼ੁਰੂ ਕੀਤੇ ਅੰਦੋਲਨ ਦੇ ਅੱਜ 100 ਦਿਨ ਪੂਰੇ ਹੋਣ ’ਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਮਾਰਚ ਵਿੱਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਨਸ਼ਿਰਕਤ ਕੀਤੀ। ਸਮਰਥਨ ਵਜੋਂ ਬੱਸ ਅੱਡਾ ਮਾਰਕੀਟ, ਕੋਰਟ ਰੋਡ, ਸਬਜ਼ੀ ਮੰਡੀ, ਮਹਿਣਾ ਚੌਕ, ਮਿੱਠੂ ਵਾਲਾ ਮੋੜ ਅਤੇ ਆਰੀਆ ਸਮਾਜ ਚੌਕ ਦੇ ਬਾਜ਼ਾਰ ਦੁਪਹਿਰ 12 ਵਜੇ ਤੱਕ ਬੰਦ ਰਹੇ। ਵਿਖਾਵਾਕਾਰੀਆਂ ਨੇ ਨਵੇਂ ਬੱਸ ਅੱਡੇ ਦੀ ਤਜਵੀਜ਼ ਦਾ ਵਿਰੋਧ ਕੀਤਾ ਅਤੇ ਮੌਜੂਦਾ ਬੱਸ ਅੱਡੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।
ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਫੁੱਟ ਪਾਓ ਨੀਤੀ ਰਾਹੀਂ ਬੱਸ ਅੱਡਾ ਬਦਲ ਕੇ ਸ਼ਹਿਰ ਨੂੰ ਉਜਾੜਨਾ ਚਾਹੁੰਦੀ ਹੈ। ਸ੍ਰੀ ਵਾਂਦਰ ਨੇ ਲੈਂਡ ਪੂਲਿੰਗ ਨੀਤੀ ਦੇ ਮੁੱਦੇ ’ਤੇ ਸੰਘਰਸ਼ ਕਮੇਟੀ ਵੱਲੋਂ ਕਿਸਾਨੀ ਅੰਦੋਲਨ ਦਾ ਸਾਥ ਦੇਣ ਦਾ ਐਲਾਨ ਵੀ ਕੀਤਾ। ਗੁਰਪ੍ਰੀਤ ਆਰਟਿਸਟ ਅਤੇ ਹਰਵਿੰਦਰ ਹੈਪੀ ਨੇ ਕਿਹਾ ਕਿ ਸਰਕਾਰ ਹੁਣ ਆਮ ਲੋਕਾਂ ਦੀ ਨਹੀਂ ਰਹੀ, ਸਗੋਂ ਖਾਸ ਲੋਕਾਂ ਦੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਬੱਸ ਅੱਡੇ ਸਬੰਧੀ ਪ੍ਰਸ਼ਾਸਨ ਕੋਲ ਤੱਥ ਪੇਸ਼ ਕੀਤੇ ਜਾਣ ਦੇ ਬਾਵਜੂਦ, ਉਸ ਵੱਲੋਂ ਇਸ ਨੂੰ ਤਬਦੀਲ ਕਰਨ ਦੀ ਜ਼ਿਦ ਸਮਝ ਤੋਂ ਬਾਹਰ ਦੀ ਗੱਲ ਹੈ। ਸੰਦੀਪ ਬਾਬੀ ਅਤੇ ਕੰਵਲਜੀਤ ਭੰਗੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਲੋਕਾਂ ਦੀ ਭਾਵਨਾ ਅਨੁਸਾਰ ਬੱਸ ਅੱਡੇ ਨੂੰ ਬਦਲਣ ਵਾਲਾ ਫੈਸਲਾ ਰੱਦ ਕੀਤਾ ਜਾਵੇ।
ਵਿਦਿਆਰਥੀ ਆਗੂ ਪਾਇਲ ਅਰੋੜਾ ਨੇ ਕਿਹਾ ਕਿ ਹਕੂਮਤ ਨੂੰ ਸ਼ਾਇਦ ਵਹਿਮ ਹੋਵੇ ਕਿ ਵਕਤ ਗੁਜ਼ਰਨ ਨਾਲ ਇਹ ਅੰਦੋਲਨ ਰੁਕ ਜਾਵੇਗਾ, ਪਰ ਮਕਸਦ ਦੀ ਪੂਰਤੀ ਤੱਕ ਇਹ ਆਏ ਦਿਨ ਹੋਰ ਪ੍ਰਚੰਡ ਹੁੰਦਾ ਜਾਵੇਗਾ। ਭਾਜਪਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਸਰਕਾਰ ਬੱਸ ਅੱਡੇ ਦੀ ਜਗ੍ਹਾ ਬਦਲ ਕੇ ਲੋਕਾਂ ਨਾਲ ਦੁਸ਼ਮਣਾਂ ਵਾਲਾ ਵਰਤਾਓ ਨਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਨਾਗਰਿਕ ‘ਆਪ’ ਦੀ ਸਰਕਾਰ ਤੋਂ ਨਾਰਾਜ਼ ਹੈ। ਉਨ੍ਹਾਂ ਐਲਾਨ ਕੀਤਾ ਕਿ 15 ਅਗਸਤ ਨੂੰ ਇਸ ਤੋਂ ਵੀ ਵਿਆਪਕ ਸੰਘਰਸ਼ ਕੀਤਾ ਜਾਵੇਗਾ। ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਜੇ ਸਰਕਾਰ ਲੋਕ-ਵਿਰੋਧੀ ਨੀਤੀਆਂ ਤੋਂ ਪਿੱਛੇ ਨਾ ਹਟੀ, ਤਾਂ ਉਨ੍ਹਾਂ ਨੂੰ ਭਵਿੱਖ ਵਿੱਚ ਸਿਆਸੀ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਨੇ ਬੱਸ ਅੱਡੇ ਦੇ ਮੁੱਦੇ ’ਤੇ ਸਰਕਾਰ ਨੂੰ ਲੋਕ ਵਿਰੋਧੀ ਗਰਦਾਨਿਆ। ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂ ਵਾਲੀ ਨੇ ਜਾਰੀ ਸੰਘਰਸ਼ ਨੂੰ ਆਪਣੀ ਸੰਸਥਾ ਵੱਲੋਂ ਪੂਰਨ ਸਮਰਥਨ ਦੇਣ ਦੀ ਗੱਲ ਕਹੀ।