ਹਲਕੇ ਦੇ ਪਿੰਡ ਗਹਿਲ ਤੋਂ ਬੀਹਲਾ ਨੂੰ ਜਾਣ ਵਾਲੀ ਖਸਤਾਹਾਲ ਸੜਕ ਕਾਰਨ ਅੱਜ ਸਰਕਾਰੀ ਬੱਸ ਖੇਤਾਂ ਵਿੱਚ ਟੇਢੀ ਹੋ ਗਈ। ਇਹ ਘਟਨਾ ਸ਼ਾਮ ਕਰੀਬ ਚਾਰ ਵਜੇ ਵਾਪਰੀ ਜਦੋਂ ਬਰਨਾਲਾ ਤੋਂ ਜਗਰਾਉਂ ਜਾ ਰਹੀ ਬੱਸ ਦੋਵੇਂ ਪਿੰਡਾਂ ਦੇ ਵਿਚਕਾਰ ਖੇਤਾਂ ਵਿੱਚ ਧਸ ਗਈ। ਬੱਸ ਡਰਾਈਵਰ ਅਨੁਸਾਰ ਸੜਕ ਟੁੱਟੀ ਹੋਈ ਸੀ ਅਤੇ ਇੱਕ ਪਾਸੇ ਸਫ਼ੈਦੇ ਦੇ ਦਰੱਖਤ ਝੁਕੇ ਹੋਣ ਕਾਰਨ ਬੱਸ ਵਿੱਚ ਲੱਗਦੇ ਹਨ। ਇਸ ਕਰ ਕੇ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਰਾਹ ਦੇਣ ਲਈ ਬੱਸ ਖੇਤਾਂ ਵੱਲ ਕੀਤੀ ਤਾਂ ਬੱਸ ਮਿੱਟੀ ’ਚ ਧਸ ਗਈ। ਬੱਸ ਕੰਡਕਟਰ ਅਤੇ ਡਰਾਈਵਰ ਨੇ ਤੁਰੰਤ ਸਵਾਰੀਆਂ ਨੂੰ ਉਤਾਰ ਦਿੱਤਾ ਅਤੇ ਵੱਡੀ ਘਟਨਾ ਤੋਂ ਬਚਾਅ ਰਹਿ ਗਿਆ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਬੱਸ ਨੂੰ ਸਿੱਧਾ ਕੀਤਾ ਗਿਆ।
ਇਸ ਘਟਨਾ ਸਥਾਨ ’ਤੇ ਬੀਕੇਯੂ ਡਕੌਂਦਾ ਦੇ ਕਾਰਕੁਨਾਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ। ਇਸ ਮੌਕੇ ਜਥੇਬੰਦੀ ਆਗੂ ਜਸਵਿੰਦਰ ਸਿੰਘ ਜੱਸਾ, ਪੰਚ ਜਗਰੂਪ ਸਿੰਘ, ਗੁਰਸੇਵਕ ਸਿੰਘ, ਜੱਗਾ ਸਿੰਘ, ਦਲਜੀਤ ਸਿੰਘ ਅਤੇ ਗੁਰੀ ਸਿੰਘ ਨੇ ਦੱਸਿਆ ਕਿ ਦੋਵੇਂ ਪਿੰਡਾਂ ਵਿਚਕਾਰ ਕਰੀਬ ਅੱਧਾ ਕਿਲੋਮੀਟਰ ਦਾ ਟੋਟਾ ਪੰਜ ਸਾਲਾਂ ਤੋਂ ਖਸਤਾ ਹਾਲਤ ਵਿੱਚ ਹੈ। ਇੱਕ ਪਾਸੇ ਸੜਕ ’ਤੇ ਟੋਏ ਪਏ ਹੋਏ ਹਨ ਜਦੋਂਕਿ ਦੂਜੇ ਪਾਸੇ ਸੜਕ ਕਿਨਾਰੇ ਝੁਕੇ ਵੱਡੇ ਦਰੱਖਤ ਰਾਹਗੀਰਾਂ ਲਈ ਪ੍ਰੇਸ਼ਾਨੀ ਖੜ੍ਹੀ ਕਰ ਰਹੇ ਹਨ। ਇਸੇ ਜਗ੍ਹਾ ਅੱਜ ਤੋਂ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ ਤੇ 4-5 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਇਸ ਮਸਲੇ ਦਾ ਜਲਦ ਹੱਲ ਨਾ ਕੀਤਾ ਤਾਂ ਉਹ ਸਰਕਾਰ ਤੇ ਵਿਭਾਗ ਵਿਰੁੱਧ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।