ਨੌਕਰਸ਼ਾਹ ਅਤੇ ਨੇਤਾ ਜਨਤਾ ਦੇ ਨੌਕਰ: ਘੁਬਾਇਆ
ਪਰਮਜੀਤ ਸਿੰਘ
ਫਾਜ਼ਿਲਕਾ, 28 ਜੂਨ
ਜ਼ਿਲ੍ਹਾ ਫਾਜ਼ਿਲਕਾ ਵਿੱਚ ਤਾਇਨਾਤ ਡੀਸੀ ਅਮਰਪ੍ਰੀਤ ਕੌਰ ਸੰਧੂ ਵੱਲੋਂ ਪੱਤਰਕਾਰਾਂ ਨਾਲ ਕਥਿਤ ਤੌਰ ’ਤੇ ਅਪਣਾਏ ਜਾ ਰਹੇ ਅੜੀਅਲ ਰਵੱਈਏ ਸਬੰਧੀ ਫਾਜ਼ਿਲਕਾ ਨਾਲ ਸਬੰਧਤ ਪੱਤਰਕਾਰਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਮਾਗਮਾਂ ਦੇ ਬਾਈਕਾਟ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਜ਼ਿਲ੍ਹੇ ਦੇ ਸਮੂਹ ਪੱਤਰਕਾਰ ਭਾਈਚਾਰੇ ਨਾਲ ਹਿੱਕ ਤਾਣ ਕੇ ਖੜ੍ਹ ਗਏ ਹਨ। ਮੀਡੀਆ ਨਾਲ ਆਪਣੀ ਰਿਹਾਇਸ਼ ’ਤੇ ਗੱਲਬਾਤ ਕਰਦਿਆਂ ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਆਵਾਜ਼ ਨੂੰ ਉਹ ਜਿੱਥੋਂ ਤੱਕ ਕਹਿਣਗੇ, ਭਾਵ ਪਾਰਲੀਮੈਂਟ ਤੱਕ ਵੀ ਪਹੁੰਚਾਉਣਗੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਿੱਧੇ ਤੌਰ ’ਤੇ ਕਿਹਾ ਕਿ ਨੌਕਰਸ਼ਾਹ ਭਾਵ ਅਧਿਕਾਰੀ ਅਤੇ ਰਾਜਸੀ ਲੀਡਰ ਲੋਕਾਂ ਦੇ ਨੌਕਰ ਹਨ, ਕਿਉਂਕਿ ਉਹ ਲੋਕਾਂ ਲਈ ਕੰਮ ਕਰਨ ਲਈ ਨਿਯੁਕਤ ਹਨ ਜਦਕਿ ਪੱਤਰਕਾਰ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਡੀਸੀ ਮੈਡਮ ਨੂੰ ਪੱਤਰਕਾਰਾਂ ਨਾਲ ਅੜੀਅਲ ਰਵੱਈਏ ਵਾਲਾ ਵਿਹਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਆਮ ਲੋਕਾਂ ਨਾਲ ਵੀ ਸਹੀ ਢੰਗ ਨਾਲ ਪੇਸ਼ ਆਉਣਾ ਚਾਹੀਦਾ ਹੈ। ਐੱਮਪੀ ਸ੍ਰੀ ਘੁਬਾਇਆ ਨੇ ਕਿਹਾ ਕਿ ਜੇਕਰ ਪੱਤਰਕਾਰ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦੇਣਗੇ ਤਾਂ ਇਸ ਨੂੰ ਜਿੱਥੋਂ ਤੱਕ ਉਹ ਕਹਿਣਗੇ, ਉਹ ਪਹੁੰਚਾਉਣਗੇ ਅਤੇ ਉਨ੍ਹਾਂ ਦੇ ਰੁਤਬੇ ਨੂੰ ਆਂਚ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਉਨ੍ਹਾਂ ਦੀ ਡੀਸੀ ਨਾਲ ਮੀਟਿੰਗ ਹੈ ਅਤੇ ਉਹ ਪੱਤਰਕਾਰਾਂ ਨਾਲ ਮਸਲੇ ਨੂੰ ਹੱਲ ਕਰਵਾਉਣ ਲਈ ਪਹਿਲਕਦਮੀ ਕਰਨਗੇ ਤੇ ਜੇ ਫਿਰ ਵੀ ਡੀਸੀ ਦਾ ਰਵੱਈਆ ਅੜੀਅਲ ਰਹਿੰਦਾ ਹੈ ਤਾਂ ਉਹ ਹਰ ਤਰ੍ਹਾਂ ਪੱਤਰਕਾਰਾਂ ਦਾ ਸਾਥ ਦੇਣਗੇ।