ਪੰਜਾਬ ਸਰਕਾਰ ਵੱਲੋਂ ਜਾਰੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਅੱਜ ਇੱਥੇ ਧੋਬੀਆਣਾ ਬਸਤੀ ਦੀ ਗਲੀ ਨੰਬਰ ਇੱਕ ਵਿੱਚ ਕਥਿਤ ਗ਼ੈਰ ਕਾਨੂੰਨੀ ਇਮਾਰਤ ਨੂੰ ਢਹਿ ਢੇਰੀ ਕੀਤਾ ਗਿਆ।
ਐੱਸਐੱਸਪੀ ਅਮਨੀਤ ਕੌਂਡਲ ਨੇ ਇਹ ਦੱਸਿਆ ਕਿ ਇਹ ਮਕਾਨ ਰਮਨਦੀਪ ਕੌਰ ਪੁੱਤਰੀ ਪੱਪੂ ਸਿੰਘ ਦਾ ਸੀ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਇੱਕ ਅਤੇ ਰਮਨਦੀਪ ਦੀ ਭੈਣ ਨੀਤੂ ਪਤਨੀ ਬਲਵੀਰ ਸਿੰਘ ਖ਼ਿਲਾਫ਼ ਵੀ ਐੱਨਡੀਪੀਐੱਸ ਐਕਟ ਦੇ ਤਹਿਤ ਦੋ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਮਕਾਨ ਢਾਹੁਣ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ, ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ।
ਸਿਵਲ ਪ੍ਰਸ਼ਾਸ਼ਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਇਮਾਰਤ ਰਮਨਦੀਪ ਕੌਰ ਵੱਲੋਂ ਉਸਾਰੀ ਗਈ ਸੀ ਅਤੇ ਇਸ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜ਼ਾਕਾਰੀਆਂ ਵੱਲੋਂ ਜਗ੍ਹਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ।
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬਠਿੰਡਾ ਪੁਲੀਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਾਰਵਾਈ ਕਰਦਿਆਂ 1 ਮਾਰਚ 2025 ਤੋਂ 1158 ਮੁਕੱਦਮੇ ਦਰਜ ਕਰਕੇ 1768 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 63 ਵੱਡੇ ਤਸਕਰ ਵੀ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਾਲ 2023 ਤੋਂ ਹੁਣ ਤੱਕ ਨਸ਼ਾ ਤਸਕਰਾਂ ਦੀ 14 ਕਰੋੜ ਦੇ ਕਰੀਬ ਦੀ ਜਾਇਦਾਦ ਫਰੀਜ਼ ਕਰਵਾਈ ਗਈ ਹੈ। ਐਸਐਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਪੁਲੀਸ ਦਾ ਸਹਿਯੋਗ ਦਿੱਤਾ ਜਾਵੇ।