ਧਨੌਲਾ ’ਚ ਮਹਿਲਾ ਨਸ਼ਾ ਤਸਕਰ ਦੀ ਦੁਕਾਨ ’ਤੇ ਚੱਲਿਆ ਬੁਲਡੋਜ਼ਰ
ਰਵਿੰਦਰ ਰਵੀ
ਬਰਨਾਲਾ/ਧਨੌਲਾ, 12 ਜੁਲਾਈ
ਪੁਲੀਸ ਵੱਲੋਂ ਧਨੌਲਾ ਦੀ ਨਸ਼ਾ ਤਸਕਰ ਦੀ ਅਨਾਜ ਮੰਡੀ ’ਚ ਨਾਜਾਇਜ਼ ਬਣੀ ਦੁਕਾਨ ਨੂੰ ਪੀਲੇ ਪੰਜੇ ਨਾਲ ਢਾਹ ਦਿੱਤਾ ਗਿਆ। ਇਸ ਮੌਕੇ ਭਾਰੀ ਪੁਲੀਸ ਤਾਇਨਾਤ ਕੀਤੀ ਗਈ ਸੀ। ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਧਨੌਲਾ ਦੀ ਰਹਿਣ ਵਾਲੀ ਨਸ਼ਾ ਤਸਕਰ ਊਸ਼ਾ ਰਾਣੀ ਜਿਸ ’ਤੇ ਐੱਨਡੀਪੀਐੱਸ ਧਾਰਾ ਤਹਿਤ ਪੰਜ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਅੱਜ ਧਨੌਲਾ ਦੀ ਅਨਾਜ ਮੰਡੀ ’ਚ ਨਾਜਾਇਜ਼ ਤੌਰ ’ਤੇ ਉਸਾਰੀ ਗਈ ਉਸ ਦੀ ਦੁਕਾਨ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ ਗਿਆ ਹੈ। ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਨਸ਼ੇ ਵੇਚ ਕੇ ਬਣਾਈਆਂ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਨਸ਼ਾ ਤਸਕਰਾਂ ਦੀ ਇਹ ਛੇਵੀਂ ਨਾਜਾਇਜ਼ ਉਸਾਰੀ ਢਾਹੀ ਗਈ ਹੈ। ਉਨ੍ਹਾਂ ਆਖਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਅਤੇ ਕਿਸੇ ਨਾਲ ਲਿਹਾਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਪੁਲੀਸ ਦਾ ਸਾਥ ਦੇਣ। ਇਸ ਮੌਕੇ ਐੱਸਪੀ (ਡੀ) ਅਸ਼ੋਕ ਸ਼ਰਮਾ, ਡੀਐੱਸਪੀ ਸਤਵੀਰ ਸਿੰਘ ਬੈਂਸ, ਥਾਣਾ ਧਨੌਲਾ ਦੇ ਇੰਚਾਰਜ ਜਗਜੀਤ ਸਿੰਘ, ਥਾਣਾ ਸਦਰ ਦੇ ਇੰਚਾਰਜ ਲਖਵੀਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।