ਬੁੱਧ ਰਾਮ ਨੇ 57 ਲਾਭਪਾਤਰੀਆਂ ਨੂੰ ਕਰਜ਼ਾ ਮੁਆਫ਼ੀ ਦੇ ਪ੍ਰਮਾਣ ਪੱਤਰ ਵੰਡੇ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਜੂਨ
ਆਮ ਆਦਮੀ ਪਾਰਟੀ ਦੇ ਮਾਨਸਾ ਜ਼ਿਲ੍ਹੇ ਦੇ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਮਜ਼ੋਰ ਵਰਗਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਸ ਤਹਿਤ ਸਰਕਾਰ ਵੱਲੋਂ ਪਿਛਲੇ ਦਿਨੀਂ ਇੱਕ ਇਤਿਹਾਸਿਕ ਫੈਸਲੇ ਰਾਹੀਂ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਪਿਛਲੇ ਲੰਬੇ ਸਮੇਂ ਤੋਂ ਕਰਜ਼ਦਾਰ ਚੱਲੇ ਆ ਰਹੇ 4727 ਲਾਭਪਾਤਰੀਆਂ ਦਾ 67.84 ਕਰੋੜ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਉਹ ਅੱਜ ਹਲਕੇ 57 ਲਾਭਪਾਤਰੀਆਂ ਨੂੰ 62.42 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਸਬੰਧੀ ਪ੍ਰਮਾਣ ਪੱਤਰ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ।
ਵਿਧਾਇਕ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਸ ਕਾਰਪੋਰੇਸ਼ਨ ਪਾਸੋਂ 31 ਮਾਰਚ, 2020 ਤੱਕ ਕਰਜ਼ਾ ਲੈਣ ਵਾਲੇ ਪੰਜਾਬ ਦੇ ਸਾਰੇ ਕਰਜ਼ਦਾਰਾਂ ਦੇ ਬਕਾਏ ਕਰਜੇ ਮੁਆਫ਼ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਕੁੱਲ 202 ਲਾਭਪਾਤਰੀਆਂ ਨੂੰ 1.59 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ, ਜਿਸ ਵਿਚੋਂ ਹਲਕਾ ਬੁਢਲਾਡਾ ਨਾਲ ਸੰਬੰਧਿਤ 57 ਲਾਭਪਾਤਰੀਆਂ ਦੇ 62.42 ਲੱਖ ਰੁਪਏ ਦੇ ਕਰਜਾ ਮੁਆਫੀ ਦੇ ਪ੍ਰਮਾਣ ਪੱਤਰ ਵੰਡੇ ਗਏ ਹਨ।
ਇਸ ਮੌਕੇ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ, ਸਹਿਕਾਰਤਾ ਬੈਂਕ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਜਗਤਾਰ ਸਿੰਘ, ਹਰਮੇਸ਼ ਨੰਬਰਦਾਰ, ਦਰਸ਼ਨ ਸਿੰਘ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਮੌਜੂਦ ਸਨ।