ਸਿਰਸਾ ’ਚ ਬਸਪਾ ਵੱਲੋਂ ਮਿਨੀ ਸਕੱਤਰੇਤ ਨੇੜੇ ਮੁਜ਼ਾਹਰਾ
ਬਸਪਾ ਦੇ ਆਗੂਆਂ ਤੇ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਿਨੀ ਸਕੱਤਰੇਤ ਦੇ ਬਾਹਰ ਪ੍ਰਦਰਸ਼ਨ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਬਸਪਾ ਆਗੂ ਤੇ ਵਰਕਰ ਅੰਬੇਡਕਰ ਚੌਕ ਵਿੱਚ ਇਕੱਠੇ ਹੋਏ ਅਤੇ ਪਦਰਸ਼ਨ ਕਰਦੇ ਹੋਏ ਮਿਨੀ ਸਕੱਤਰੇਤ ਪੁੱਜੇ ਜਿਥੇ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਹੇਠ ਬਸਪਾ ਦੇ ਸੂਬਾ ਪ੍ਰਧਾਨ ਡਾ. ਕ੍ਰਿਸ਼ਨ ਜਮਾਲਪੁਰ ਨੇ ਕੀਤੀ।
ਸ੍ਰੀ ਜਮਾਲਪੁਰ ਨੇ ਕਿਹਾ ਕਿ ਦੀਨ ਦਿਆਲ ਨਿਵਾਸੀ ਖਾਰੀ ਸੁਰੇਰਾਂ ਲੰਬੇ ਸਮੇਂ ਤੋਂ ਸਿਰਸਾ ਦੇ ਮਿਨੀ ਸਕੱਤਰੇਤ ਦੇ ਬਾਹਰ ਧਰਨੇ ’ਤੇ ਬੈਠੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਉਨ੍ਹਾਂ ਦੇ ਧਰਨੇ ਨੂੰ ਅਣਗੌਲਿਆਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੀਨ ਦਿਆਲ ਦੀ ਮੰਗ ਜਾਇਜ਼ ਹੈ ਅਤੇ ਸਮਾਜ ਦੇ ਹਿੱਤ ਵਿੱਚ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਡਿਪਟੀ ਕਮਿਸ਼ਨਰ ਜਾਣਬੁੱਝ ਸਰਪੰਚ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ, ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਖਰੀਆਂ ਵਿੱਚ ਵੀ ਅਨੁਸੂਚਿਤ ਜਾਤੀ ਦੇ ਲੋਕਾਂ ਦੀ ਗਲੀ ’ਤੇ ਜ਼ਬਰਦਸਤੀ ਕਬਜ਼ਾ ਕੀਤਾ ਗਿਆ ਸੀ ਜਿਸ ਦੀ ਸ਼ਿਕਾਇਤ ਡੀ ਸੀ ਕੋਲ ਕੀਤੀ ਗਈ ਪਰ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਰਾਜਸੀ ਸ਼ਹਿ ਦੇ ਚਲਦਿਆਂ ਦਲਿਤ ਸਮਾਜ ਦੇ ਲੋਕਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸੂਬਾ ਇੰਚਾਰਜ ਰਾਮ ਸਿੰਘ ਪ੍ਰਜਾਪਤੀ ਨੇ ਕਿਹਾ ਕਿ ਹਰਿਆਣਾ ਰਾਜ ਵਿੱਚ ਕਿਰਤ ਵਿਭਾਗ ਦਾ ਪੋਰਟਲ, ਜੋ ਕਿ ਲੰਬੇ ਸਮੇਂ ਤੋਂ ਬੰਦ ਹੈ, ਨੂੰ ਤੁਰੰਤ ਪ੍ਰਭਾਵ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ, ਤਾਂ ਜੋ ਮਜ਼ਦੂਰਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ ਦਾ ਲਾਭ ਮਿਲ ਸਕੇ।