ਬਠਿੰਡਾ ਰਜਬਾਹੇ ’ਚ ਪਾੜ: ਸਾਈ ਨਗਰ ’ਚੋਂ ਪਾਣੀ ਘਟਿਆ ਪਰ ਸਮੱਸਿਆਵਾਂ ਵਧੀਆਂ
ਮਨੋਜ ਸ਼ਰਮਾ
ਬਠਿੰਡਾ, 12 ਜੁਲਾਈ
ਇਥੇ ਰਜਬਾਹੇ ’ਚ ਕੱਲ੍ਹ ਪਏ ਪਾੜ ਦੀ ਮਾਰ ਅੱਜ ਵੀ ਸਾਈ ਨਗਰ ਦੇ ਲੋਕ ਝੱਲ ਰਹੇ ਹਨ। ਹਾਲਾਂਕਿ ਲੋਕਾਂ ਨੂੰ ਘਰਾਂ ’ਚ ਪਾਣੀ ਉਤਰਨ ਕਾਰਨ ਕੁਝ ਰਾਹਤ ਮਿਲੀ ਹੈ ਪਰ ਉਨ੍ਹਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਕੁਝ ਮਕਾਨਾਂ ’ਚ ਤਰੇੜਾਂ ਆ ਗਈਆਂ ਹਨ। ਲੋਕਾਂ ਦੇ ਮੰਜੇ-ਬਿਸਤਰੇ ਖ਼ਰਾਬ ਹੋ ਗਏ ਹਨ ਤੇ ਪੇਟੀਆਂ ਤੇ ਅਲਮਾਰੀਆਂ ਵਿੱਚ ਪਾਣੀ ਭਰ ਗਿਆ ਹੈ। ਦੂਜੇ ਪਾਸੇ ਗਲੀਆਂ ਵਿੱਚ ਗਾਰ ਪਈ ਹੈ ਜਿਸ ਕਾਰਨ ਉਥੋਂ ਲੰਘਣਾ ਕਾਫੀ ਮੁਸ਼ਕਲ ਹੋ ਗਿਆ ਹੈ। ਖੇਤਰ ’ਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਲਈ ਸਿਹਤ ਅਮਲਾ ਪੂਰੀ ਤਰ੍ਹਾਂ ਮੁਸਤੈਦ ਹੈ। ਸਿਹਤ ਅਮਲੇ ਨੇ ਅੱਜ ਸਾਈ ਨਗਰ ਵਿੱਚ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਦਿੱਤੀਆਂ ਅਤੇ ਕੁਝ ਹਿੱਸੇ ਵਿੱਚ ਫੌਗਿੰਗ ਵੀ ਕਰਵਾਈ ਗਈ ਹੈ। ਅੱਜ ਮੌਸਮ ਦਾ ਮਿਜ਼ਾਜ ਵੀ ਬਦਲਿਆ ਹੋਇਆ ਹੈ। ਜੇਕਰ ਮੀਂਹ ਪੈ ਗਿਆ ਤਾਂ ਲੋਕਾਂ ਲਈ ਹੋਰ ਮੁਸੀਬਤ ਖੜ੍ਹੀ ਹੋ ਜਾਵੇਗੀ ਕਿਉਂਕਿ ਮੁਹੱਲੇ ਦੀ ਗਲੀ 9 ਅਤੇ 10 ’ਚ ਹਾਲੇ ਵੀ ਪਾਣੀ ਖੜ੍ਹਾ ਹੈ।
ਇਲਾਕੇ ਦੇ ਕੌਂਸਲਰ ਬਲਰਾਜ ਸਿੰਘ ਪੱਕਾ ਦਾ ਕਹਿਣਾ ਹੈ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਦੁਸ਼ਵਾਰੀਆਂ ਪੈਦਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਪੀੜਤ ਲੋਕਾਂ ਨੂੰ ਨਾਲ ਲੈ ਕੇ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣਗੇ। ਮੁਹੱਲਾ ਵਾਸੀਆਂ ਨੇ ਕਿਹਾ ਮੌਕੇ ’ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਉਨ੍ਹਾਂ ਬਾਂਹ ਨਹੀਂ ਫੜੀ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਸਮਰਪਣ ਵੈਲਫੇਅਰ ਸੰਸਥਾ ਵੱਲੋਂ ਪੀੜਤ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਧ੍ਰਵਜੀਤ ਠਾਕੁਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਗਰੀਬ ਲੋਕਾਂ ਲਈ ਲੰਗਰ ਦਾ ਪ੍ਰਬੰਧ ਜਾਰੀ ਰੱਖਗੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਲੋਕ ਆਪਣੇ ਘਰਾਂ ’ਚ ਵਾਪਸ ਨਹੀਂ ਆ ਜਾਂਦੇ ਉਹ ਸੇਵਾ ਕਰਦੇ ਰਹਿਣਗੇ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤੜਕੇ 2 ਵਜੇ ਘੂਕ ਸੁੱਤੇ ਪਏ ਸਾਈ ਨਗਰ ਦੇ ਸੈਂਕੜੇ ਲੋਕਾਂ ਦੇ ਘਰਾਂ ’ਚ ਰਜਬਾਹੇ ਦਾ ਪਾਣੀ ਵੜ ਗਿਆ ਸੀ। ਘਰਾਂ ’ਚ ਪਾਣੀ ਦਾਖ਼ਲ ਹੋਣ ਕਾਰਨ ਲੋਕ ਉੱਚੀਆਂ ਥਾਵਾਂ ’ਤੇ ਚਲੇ ਗਏ ਸਨ ਜਿਥੇ ਸਮਾਜ ਸੇਵੀ ਸੰਸਥਾ ਨੇ ਉਨ੍ਹਾਂ ਵਾਸਤੇ ਲੰਗਰ-ਪਾਣੀ ਦਾ ਪ੍ਰਬੰਧ ਕੀਤਾ। ਹੁਣ ਭਾਵੇਂ ਲੋਕਾਂ ਦੇ ਘਰਾਂ ਵਿਚੋਂ ਪਾਣੀ ਉਤਰ ਗਿਆ ਹੈ ਪਰ ਜਨ ਜੀਵਜਨ ਪੂਰੀ ਤਰ੍ਹਾਂ ਲੀਹ ’ਤੇ ਨਹੀਂ ਆਇਆ। ਜਾਣਕਾਰੀ ਅਨੁਸਾਰ 2018 ਵਿੱਚ ਉਕਤ ਰਜਬਾਹੇ ਨੇ ਇਸੇ ਥਾਂ ’ਤੇ ਕਹਿਰ ਮਚਾਇਆ ਸੀ ਪਰ ਨਹਿਰੀ ਵਿਭਾਗ ਨੇ ਸਬਕ ਨਹੀਂ ਲਿਆ। ਪ੍ਰਸ਼ਾਸਨ ਨੂੰ ਰਜਬਾਹੇ ਦੀ ਮੁਰੰਮਤ ਬਾਰੇ ਕਈ ਵਾਰੀ ਆਗਾਹ ਕੀਤਾ ਗਿਆ ਸੀ, ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ।
ਇੱਕ ਨੌਜਵਾਨ ਨੇ ਆਖਿਆ ਕਿਹਾ ਕਿ ਜੇ ਰਜਬਾਹੇ ਦੀ ਪਹਿਲਾਂ ਹੀ ਸਫਾਈ ਤੇ ਸਹੀ ਮੁਰੰਮਤ ਹੋ ਜਾਂਦੀ, ਤਾਂ ਅੱਜ ਉਨ੍ਹਾਂ ਨੂੰ ਇਹ ਦਿਨ ਨਾ ਵੇਖਣੇ ਪੈਂਦੇ। ਇੱਕ ਪੀੜਤ ਔਰਤ ਨੇ ਕਿਹਾ ਕਿ ਸਾਲਾਂ ਦਾ ਜੋੜਿਆ ਸਾਮਾਨ ਇੱਕ ਪਲ ਵਿੱਚ ਪਾਣੀ ਨਾਲ ਵਹਿ ਗਿਆ। ਲੋਕਾਂ ਨੇ ਹਲਕਾ ਵਿਧਾਇਕ ਅਤੇ ਨਗਰ ਨਿਗਮ ’ਤੇ ਸਾਰ ਨਾ ਲੈਣ ਦੇ ਦੋਸ਼ ਲਾਏ ਹਨ ਜਿਸ ਕਾਰਨ ਲੋਕਾਂ ਦੇ ਮਨਾਂ ‘ਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਹੈ।
ਮੈਡੀਕਲ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ: ਡਾ. ਗੋਇਲ
ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ ਦੇ ਕਹਿਣ ਤੇ ਸਿਹਤ ਕਾਮਿਆਂ ਵੱਲੋਂ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਲਗਤਾਰ ਕੰਮ ਕਰ ਰਹੀਆਂ ਹਨ ਤੇ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ।