ਹੈਪੀ ਕਾਰਡਾਂ ਤੋਂ ਬੀਪੀਐੱਲ ਪਰਿਵਾਰ ਨਿਰਾਸ਼
ਹਰਿਆਣਾ ਵਿੱਚ ਬੀਪੀਐੱਲ ਪਰਿਵਾਰਾਂ ਨੂੰ 1,000 ਕਿਲੋਮੀਟਰ ਦੀ ਮੁਫ਼ਤ ਯਾਤਰਾ ਪ੍ਰਦਾਨ ਕਰਨ ਦੀ ਸਰਕਾਰ ਦੀ ਹੈਪੀ ਕਾਰਡ ਬਣਾ ਕੇ ਦੇਣ ਦੀ ਯੋਜਨਾ ਅੱਧ ਵਿਚਾਲੇ ਲਟਕ ਗਈ ਹੈ। ਹੁਣ ਤੱਕ ਸਿਰਸਾ ਜ਼ਿਲ੍ਹੇ ਵਿੱਚ 1,10,443 ਲੋਕਾਂ ਦੇ ਹੈਪੀ ਕਾਰਡ ਬਣਾਏ ਗਏ ਹਨ ਜਦੋਂ ਕਿ ਸੈਂਕੜੇ ਬੀਪੀਐੱਲ ਪਰਿਵਾਰ ਅਜੇ ਵੀ ਹੈਪੀ ਕਾਰਡਾਂ ਤੋਂ ਵਾਂਝੇ ਹਨ। ਟਰਾਂਸਪੋਰਟ ਵਿਭਾਗ ਨੇ ਬੀਪੀਐੱਲ ਪਰਿਵਾਰਾਂ ਦੇ ਹੈਪੀ ਕਾਰਡਾਂ ਲਈ ਅਰਜ਼ੀਆਂ ਸਵੀਕਾਰ ਕਰ ਲਈਆਂ ਹਨ ਪਰ 31 ਜੁਲਾਈ 2024 ਤੋਂ ਬਾਅਦ ਲੋਕਾਂ ਦੇ ਕਾਰਡ ਅਜੇ ਤੱਕ ਨਹੀਂ ਬਣਾਏ ਗਏ ਹਨ। ਹੈਪੀ ਕਾਰਡ ਵੰਡਣ ਵਾਲੇ ਕਰਮਚਾਰੀ ਨੇ ਦੱਸਿਆ ਕਿ ਨਵੇਂ ਹੈਪੀ ਕਾਰਡ ਬਾਰੇ ਪੁੱਛਗਿੱਛ ਕਰਨ ਲਈ ਹਰ ਰੋਜ਼ 50 ਤੋਂ 60 ਲੋਕ ਆਉਂਦੇ ਹਨ ਪਰ ਜੋ ਕਾਰਡ ਇੱਥੋਂ ਦਰੁਸਤ ਕਰਕੇ ਉੱਪਰ ਬਣਨ ਲਈ ਭੇਜੇ ਗਏ ਹਨ ਉਹ ਵੀ ਪਿਛਲੇ ਇੱਕ ਸਾਲ ਤੋਂ ਨਹੀਂ ਆ ਰਹੇ। ਸੀਐੱਸਸੀ ਅਪਰੇਟਰ ਸੁਰਿੰਦਰ ਨੇ ਕਿਹਾ ਕਿ ਪਿੰਡਾਂ ਤੋਂ ਹਰ ਰੋਜ਼ ਲੋਕ ਹੈਪੀ ਕਾਰਡ ਬਣਾਉਣ ਲਈ ਆਉਂਦੇ ਹਨ ਪਰ ਹੁਣ ਹੈਪੀ ਕਾਰਡ ਲਈ ਅਰਜ਼ੀ ਦਿੰਦੇ ਸਮੇਂ ਸਾਈਟ ਵਿੱਚ ਸਮੱਸਿਆ ਆ ਰਹੀ ਹੈ। ਸਾਈਟ ਨਹੀਂ ਖੁੱਲ੍ਹ ਰਹੀ। ਸਿਰਸਾ ਡਿੱਪੂ ਦੇ ਮੈਨੇਜਰ ਅਨਿਤ ਕੁਮਾਰ ਨੇ ਆਖਿਆ ਕਿ 31 ਜੁਲਾਈ 2024 ਤੋਂ ਬਾਅਦ ਬਣੇ ਕਾਰਡ ਉਨ੍ਹਾਂ ਕੋਲ ਨਹੀਂ ਆਏ ਹਨ ਜਦੋਂ ਬਣ ਕੇ ਆ ਜਾਣਗੇ ਤਾਂ ਲਾਭਪਾਤਰੀਆਂ ਨੂੰ ਵੰਡ ਦਿੱਤੇ ਜਾਣਗੇ।