ਡੱਬਵਾਲੀ ਦੇ ਜਤਿੰਦਰ ਸ਼ਰਮਾ ਦੀ ਲਾਸ਼ ਰਾਜਸਥਾਨ ਨਹਿਰ ’ਚੋਂ ਬਰਾਮਦ
ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਵੀਡੀਓ ਰਾਹੀਂ ਰਿਸ਼ਤੇਦਾਰਾਂ ’ਤੇ ਲਾਏ ਦੋਸ਼
ਡੱਬਵਾਲੀ ਦੇ ਰਹਿਣ ਵਾਲੇ ਜਤਿੰਦਰ ਸ਼ਰਮਾ ਦੀ ਲਾਸ਼ ਅੱਜ ਰਾਜਸਥਾਨ ਨਹਿਰ ਵਿੱਚੋਂ ਉਸ ਦੇ ਗੁੰਮ ਹੋਣ ਤੋਂ 48 ਘੰਟੇ ਬਾਅਦ ਬਰਾਮਦ ਹੋਈ। ਇਹ ਲਾਸ਼ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਏਲਨਾਬਾਦ ਦੇ ਨਜ਼ਦੀਕ ਮਸੀਤਾ ਹੈੱਡ ਨੇੜੇ ਰਾਜਸਥਾਨ ਨਹਿਰ ਵਿੱਚ ਤੈਰਦੀ ਹੋਈ ਮਿਲੀ ਜਿਸ ਨੂੰ ਗੋਤਾਖੋਰਾਂ ਨੇ ਬਾਹਰ ਕੱਢਿਆ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਜਾਣਕਾਰੀ ਅਨੁਸਾਰ ਜਤਿੰਦਰ ਨੇ ਵੀਰਵਾਰ ਦੇਰ ਰਾਤ ਨਹਿਰ ਵਿੱਚ ਛਾਲ ਮਾਰਨ ਤੋਂ ਪਹਿਲਾਂ ਆਪਣੀ ਭੈਣ ਨੂੰ ਇੱਕ ਵੀਡੀਓ ਸੁਨੇਹਾ ਭੇਜਿਆ ਸੀ। ਵੀਡੀਓ ਵਿੱਚ ਉਸ ਨੇ ਕਿਹਾ ਕਿ ਸੀ ਉਹ ਪਰਿਵਾਰਕ ਝਗੜੇ ਅਤੇ ਰਿਸ਼ਤੇਦਾਰਾਂ ਵੱਲੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਕਾਰਨ ਇਹ ਕਦਮ ਚੁੱਕ ਰਿਹਾ ਹੈ। ਵੀਡੀਓ ਭੇਜਣ ਤੋਂ ਬਾਅਦ ਜਤਿੰਦਰ ਦਾ ਸਕੂਟਰ, ਚੱਪਲਾਂ, ਮੋਬਾਈਲ ਫੋਨ ਅਤੇ ਹੋਰ ਸਮਾਨ ਰਾਜਸਥਾਨ ਨਹਿਰ ਦੇ ਕੰਢੇ ਮਿਲਿਆ ਸੀ। ਜਿਸ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ ਸੀ। ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਨੇ ਪੁਲੀਸ ਸੁਪਰਡੈਂਟ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾ ਕੇ ਚਾਰ ਲੋਕਾਂ ਖ਼ਿਲਾਫ਼ ਉਸ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਾਇਆ ਗਿਆ ਹੈ। ਜਤਿੰਦਰ ਸ਼ਰਮਾ 42 ਡੱਬਵਾਲੀ ਦੀ ਫਰੈਂਡਜ਼ ਕਲੋਨੀ ਦਾ ਰਹਿਣ ਵਾਲਾ ਸੀ। ਉਸ ਦੀ ਡੱਬਵਾਲੀ ਵਿੱਚ ਕੀਟਨਾਸ਼ਕ ਅਤੇ ਬੀਜ ਦੀ ਦੁਕਾਨ ਸੀ। ਉਸ ਦੀਆਂ ਦੋ ਧੀਆਂ ਹਨ ਜਿਨ੍ਹਾਂ ਵਿੱਚੋਂ ਵੱਡੀ 12 ਸਾਲ ਦੀ ਹੈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਹੈ।