ਬੀਕੇਯੂ (ਏਕਤਾ ਡਕੌਂਦਾ) ਵੱਲੋਂ ਮਹਾਪੰਚਾਇਤ ਲਈ ਲਾਮਬੰਦੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 24 ਅਗਸਤ ਨੂੰ ਸਮਰਾਲਾ ਵਿੱਚ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਲਾਮਬੰਦੀ ਆਰੰਭ ਕਰ ਦਿੱਤੀ ਗਈ ਹੈ। ਇਸ ਤਹਿਤ ਪਿੰਡ ਖੜਕ ਸਿੰਘ ਵਾਲਾ ਅਤੇ ਬੁਰਜ ਢਿੱਲਵਾਂ ਵਿੱਚ ਨੁੱਕੜ ਰੈਲੀਆਂ ਕੀਤੀਆਂ ਗਈਆਂ|
ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੋਵੇਂ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਕ ਬਣ ਚੁੱਕੀਆਂ ਹਨ| ਉਨ੍ਹਾਂ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਦੇਸ਼ ਦਾ ਮਾਲੀਆ ਗਿਣੇ-ਚੁਣੇ ਘਰਾਣਿਆਂ ਨੂੰ ਸੌਂਪ ਰਹੀ ਹੈ, ਉਸੇ ਰਸਤੇ ਹੀ ਪੰਜਾਬ ਸਰਕਾਰ ਚੱਲ ਰਹੀ ਹੈ। ਇਸ ਦੀ ਝਲਕ ਬੀਤੇ ਦਿਨੀਂ ਰੱਦ ਕੀਤੀ ਲੈਂਡ ਪੂਲਿੰਗ ਨੀਤੀ ਤੋਂ ਮਿਲਦੀ ਹੈ| ਉਨ੍ਹਾਂ ਕਿਹਾ ਕਿ ਭਾਵੇਂ ਲੋਕ ਰੋਹ ਤੋਂ ਡਰਦਿਆਂ ਪੰਜਾਬ ਸਰਕਾਰ ਨੇ ਫੌਰੀ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰ ਦਿੱਤਾ ਹੈ ਅਤੇ ਪਾਣੀ, ਸਿੱਖਿਆ, ਸਿਹਤ ਆਦਿ ਬੁਨਿਆਦੀ ਮਸਲਿਆਂ ਉੱਤੇ ਪੰਜਾਬ ਸਰਕਾਰ ਦਾ ਸਟੈਂਡ ਲੋਕ ਵਿਰੋਧੀ ਹੋਣ ਦਾ ਸਬੂਤ ਦਿੰਦਾ ਹੈ| ਉਨ੍ਹਾਂ ਦੱਸਿਆ ਕਿ 24 ਅਗਸਤ ਦੀ ਕਿਸਾਨ ਮਹਾਂ ਪੰਚਾਇਤ ਨੂੰ ਲੈਕੇ ਕਿਸਾਨਾਂ-ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਹੈ।
ਇਸ ਮੌਕੇ ਬਲਜੀਤ ਸਿੰਘ ਭੈਣੀਬਾਘਾ, ਬਲਵਿੰਦਰ ਸਿੰਘ ਬੁਰਜ ਰਾਠੀ, ਕਾਲਾ ਸਿੰਘ ਅਕਲੀਆ, ਸਿੰਦਰ ਸਿੰਘ, ਬਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ|