ਭਾਜਪਾ ਵੱਲੋਂ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਦਾ ਵਿਰੋਧ
ਹੁਸ਼ਿਆਰਪੁਰ ਵਿੱਚ ਪਰਵਾਸੀ ਵੱਲੋਂ ਮਾਸੂਮ ਦੀ ਹੱਤਿਆ ਮਗਰੋਂ ਸੂਬੇ ’ਚੋਂ ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਮੁਹਿੰਮ ਦਾ ਭਾਜਪਾ ਵੱਲੋਂ ਵਿਰੋਧ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਨੇ ਇੱਕ ਵਿਅਕਤੀ ਦੇ ਅਪਰਾਧ ਲਈ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਗਲਤ ਆਖਿਆ ਹੈ। ਭਾਰਤ ਉੱਤੇ ਰਾਜ ਕਰਨ ਵਾਲੇ ਇੰਗਲੈਂਡ ਵਿਚ ਭਾਰਤੀ ਮੂਲ ਦਾ ਵਿਅਕਤੀ ਪ੍ਰਧਾਨ ਮੰਤਰੀ ਹੈ। ਇਥੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ਦੇ ਅਪਰਾਧ ਦੀ ਆੜ ਵਿੱਚ ਪੂਰੇ ਸਮਾਜ ਜਾਂ ਭਾਈਚਾਰੇ ਦਾ ਵਿਰੋਧ ਨਾ ਸਿਰਫ ਅਨੈਤਿਕ ਹੈ, ਸਗੋਂ ਇਹ ਮਨੁੱਖਤਾ ਦੇ ਵੀ ਖਿਲਾਫ ਹੈ। ਬਾਹਰੀ ਰਾਜਾਂ ਤੋਂ ਆਏ ਪਰਵਾਸੀ ਭਾਈਚਾਰੇ ਦੇ ਬਿਨਾਂ ਅੱਜ ਪੰਜਾਬ ਵਿੱਚ ਖੇਤੀਬਾੜੀ ਕਰਨੀ ਵੀ ਔਖੀ ਹੋ ਜਾਵੇਗੀ। ਅਜਿਹੇ ਅਪਰਾਧਾ ਨੂੰ ਰੋਕਣ ਲਈ ਕਿਸੇ ਵੀ ਪਰਵਾਸੀ ਨੂੰ ਕੰਮ ’ਤੇ ਰੱਖਣ ਤੋਂ ਪਹਿਲਾਂ ਉਸਦੀ ਪੁਲੀਸ ਵੈਰੀਫਿਕੇਸ਼ਨ ਹੋਵੇ। ਭਾਜਪਾ ਆਗੂ ਨੇ ਯਾਦ ਕਵਾਇਆ ਕਿ ਕਰੋਨਾ ਕਾਲ ਵਿਚ ਪਰਵਾਸੀ ਆਪਣੇ-ਆਪਣੇ ਰਾਜਾਂ ਨੂੰ ਚਲੇ ਗਏ ਤਾਂ ਪੰਜਾਬੀਆਂ ਨੂੰ ਇੱਜਤ ਨਾਲ ਗੱਡੀਆਂ ਭੇਜ ਕੇ ਵਾਪਸ ਸੱਦਣਾ ਪਿਆ ਸੀ। ਉਨ੍ਹਾਂ ਦਾ ਸਵਾਗਤ ਫੁੱਲਦੇ ਹਾਰ ਗਲਾਂ ਵਿਚ ਪਾ ਕੇ ਕੀਤਾ ਗਿਆ। ਕੈਨੇਡਾ ‘ਮਿਨੀ ਪੰਜਾਬ’ ਬਣ ਚੁੱਕਾ ਹੈ, ਇੰਗਲੈਂਡ, ਦੁਬਈ, ਅਮਰੀਕਾ ਸਮੇਤ ਕਈ ਦੇਸਾਂ ਵਿੱਚ ਪੰਜਾਬੀਆਂ ਨੇ ਕਾਮਯਾਬੀ ਦੇ ਝੰਡੇ ਗੱਡੇ ਹਨ।