ਭਾਜਪਾ ਆਗੂਆਂ ਵੱਲੋਂ ਬਿਜਲੀ ਦਫ਼ਤਰ ਅੱਗੇ ਧਰਨਾ
ਭਾਜਪਾ ਵੱਲੋਂ ਗੋਨਿਆਣਾ ਮੰਡੀ ਵਿੱਚ ਸਥਿਤ ਬਿਜਲੀ ਦਫ਼ਤਰ ਅੱਗੇ ਮੰਡਲ ਪ੍ਰਧਾਨ ਸੰਦੀਪ ਕੁਮਾਰ ਬਿੰਟਾ, ਹਲਕਾ ਇੰਚਾਰਜ ਭੁੱਚੋ ਮੰਡੀ ਬਲਦੇਵ ਸਿੰਘ ਆਕਲੀਆ ਅਤੇ ਭਾਜਪਾ ਐੱਸਸੀ ਮੋਰਚਾ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਮੌਕੇ ਸੰਦੀਪ ਬਿੰਟਾ ਨੇ ਦੱਸਿਆ ਕਿ ਸ਼ਹਿਰ ਦੀ ਚਿੜੀਆ ਬਸਤੀ ਵਿੱਚ ਤਿੰਨ ਦਿਨਾਂ ਤੋਂ ਬਿਜਲੀ ਖ਼ਰਾਬ ਹੈ, ਪਰ ਬਿਜਲੀ ਵਿਭਾਗ ਵੱਲੋਂ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਏ ਕਿ ਵਿਭਾਗ ਦੇ ਕਰਮਚਾਰੀ ਕੇਬਲ ਬਦਲਣ ਤੋਂ ਆਨਾ-ਕਾਨੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਖ਼ਪਤਕਾਰਾਂ ਤੋਂ ਪੂਰਾ ਬਿੱਲ ਲਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਬਿਜਲੀ ਸਪਲਾਈ ਦੇਣ ਲਈ ਨਵੀਂ ਕੇਬਲ ਪਾਉਣੀ ਵੀ ਵਿਭਾਗ ਦੀ ਜ਼ਿੰਮੇਵਾਰੀ ਹੈ। ਧਰਨੇ ਦੌਰਾਨ ਭਾਜਪਾ ਆਗੂਆਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸ਼ਿਕਾਇਤ ਨੰਬਰਾਂ ਜਾਂ ਜੇਈ ਨੂੰ ਕਾਲਾਂ ਉੱਤੇ ਕੋਈ ਸਹੀ ਜਵਾਬ ਨਹੀਂ ਦਿੱਤਾ ਜਾਂਦਾ। ਇਸ ਮੌਕੇ ਬਲਦੇਵ ਸਿੰਘ ਆਕਲੀਆ ਨੇ ਵੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੇ ਹੋਏ ਐੱਸਡੀਓ, ਜੇਈ ਅਤੇ ਸਟਾਫ ਤੋਂ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ ਕੀਤੀ।
ਇਸ ਮੌਕੇ ਧਰਨਕਾਰੀਆਂ ਵੱਲੋਂ ਮੰਗ ਪੱਤਰ ਐੱਸਡੀਓ ਕੁਲਦੀਪ ਸਿੰਘ ਨੂੰ ਸੌਂਪਿਆ ਗਿਆ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਚਿੜੀਆ ਬਸਤੀ ਦੀ ਬਿਜਲੀ ਸਪਲਾਈ ਸ਼ਾਮ ਤੱਕ ਠੀਕ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਿੱਚ ਜਿਹੜੇ ਕਰਮਚਾਰੀਆਂ ਨੇ ਲਾਪਰਵਾਹੀ ਵਰਤੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।