ਭਾਜਪਾ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਭੁੱਲੀ: ਸ਼ੈਲਜਾ
ਪ੍ਰਭੂ ਦਿਆਲ
ਸਿਰਸਾ, 2 ਜੁਲਾਈ
ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਭਾਜਪਾ ਸਰਕਾਰ ਜਨਤਾ ਨਾਲ ਜੋ ਵੀ ਵਾਅਦੇ ਕਰਦੀ ਹੈ, ਉਹ ਉਸ ਦੇ ਬਿਲਕੁਲ ਉਲਟ ਚੱਲਦੀ ਹੈ। ਬਿਜਲੀ ਦੀਆਂ ਦਰਾਂ ਵਧਾਉਣ ਮਗਰੋਂ ਹੁਣ ਰਾਸ਼ਨ ਤੋਂ ਮਿਲਣ ਵਾਲੇ ਸਰ੍ਹੋਂ ਦੇ ਤੇਲ ਦੀ ਕੀਮਤ ਦੁਗਣੀ ਤੋਂ ਵੀ ਜ਼ਿਆਦਾ ਵਧਾ ਦਿੱਤੀ ਹੈ, ਜਿਸ ਨਾਲ ਸੂਬੇ ਦੇ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜੀਅ ਰਹੇ ਕਰੀਬ 48 ਲੱਖ ਪਰਿਵਾਰਾਂ ’ਤੇ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡਾਂ ’ਤੇ ਸਬਸਿਡੀ ਵਾਲੇ ਸਰ੍ਹੋਂ ਦੇ ਤੇਲ ਦੀ ਕੀਮਤ 40 ਰੁਪਏ ਤੋਂ ਵਧਾ ਕੇ 100 ਰੁਪਏ ਕਰ ਦਿੱਤੀ ਹੈ। ਇਹ ਫੈਸਲਾ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ ਅਤੇ ਗਰੀਬਾਂ ਦੀਆਂ ਰਸੋਈਆਂ ’ਤੇ ਸਿੱਧਾ ਆਰਥਿਕ ਹਮਲਾ ਹੈ।
ਸ਼ੈਲਜਾ ਨੇ ਭਾਜਪਾ ਸਰਕਾਰ ਦੀ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਗਰੀਬਾਂ ਤੋਂ ਰੋਟੀ ਖੋਹਣ ਵਰਗਾ ਹੈ। ਮਹਿੰਗਾਈ ਦੀ ਮਾਰ ਨਾਲ ਪਹਿਲਾਂ ਹੀ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਨੇ ਪਹਿਲਾਂ ਬਿਜਲੀ ਦੀਆਂ ਦਰਾਂ ਵਧਾਈਆਂ ਤੇ ਹੁਣ ਗਰੀਬਾਂ ਨੂੰ ਮਿਲਣ ਵਾਲੇ ਸਰ੍ਹੋਂ ਦੇ ਤੇਲ ਦਾ ਰੇਟ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸਰਕਾਰ ਪਹਿਲਾਂ ਜੋ ਤੇਲ ਦੇ ਰਹੀ ਸੀ, ਉਸ ਦੀ ਗੁਣਵੱਤਾ ’ਤੇ ਵੀ ਸਵਾਲ ਉਠਾਏ ਗਏ, ਇਸ ’ਤੇ ਕਾਰਵਾਈ ਕਰਨ ਦੀ ਬਜਾਏ, ਸਰਕਾਰ ਨੇ ਸਰ੍ਹੋਂ ਦੇ ਤੇਲ ਦੀ ਕੀਮਤ ਵਧਾ ਦਿੱਤੀ।
ਉਨ੍ਹਾਂ ਨੇ ਕਿਹਾ ਭਾਜਪਾ ਸਰਕਾਰ ਅਮੀਰਾਂ ਦਾ ਪੱਖ ਪੂਰ ਰਹੀ ਹੈ। ਸਿਰਫ਼ ਕਾਗਜ਼ਾਂ ’ਤੇ ਗਰੀਬਾਂ ਦੀ ਸ਼ੁਭਚਿੰਤਕ ਬਣੀ ਹੋਈ ਹੈ। ਜ਼ਮੀਨੀ ਤੌਰ ’ਤੇ ਸਰਕਾਰ ਗਰੀਬਾਂ ਦੀ ਬਿਲਕੁਲ ਵੀ ਮਦਦ ਨਹੀਂ ਕਰ ਰਹੀ ਹੈ।