ਮੁਆਵਜ਼ੇ ਦੇ ਨਾਂ ’ਤੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ ਭਾਜਪਾ ਸਰਕਾਰ: ਸ਼ੈਲਜਾ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅੱਜ ਏਲਨਾਬਾਦ ਵਿਧਾਨ ਸਭਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੇ ਨਾਮ ’ਤੇ ਸੂਬੇ ਦੀ ਭਾਜਪਾ ਸਰਕਾਰ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਹੈ। ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਸਲਾਂ ਦੀ ਲਾਗਤ ਕੀਮਤ ਕੀ ਹੈ ਅਤੇ ਕਿਸਾਨ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਨਰਮੇ ਅਤੇ ਕਪਾਹ ’ਤੇ ਪ੍ਰਤੀ ਏਕੜ 60 ਤੋਂ 75 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ, 15 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਐਲਾਨ ਕਰਕੇ ਸਰਕਾਰ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਇਸ ਮੌਕੇ ਏਲਨਾਬਾਦ ਦੇ ਵਿਧਾਇਕ ਭਰਤ ਸਿੰਘ ਬੈਣੀਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਤੋਸ਼ ਬੈਣੀਵਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖੋਸਾ, ਵੀਰਭਾਨ ਮਹਿਤਾ, ਸੰਦੀਪ ਨਹਿਰਾ, ਰਾਜੇਸ਼ ਚਾਡੀਵਾਲ, ਮਲਕੀਤ ਸਿੰਘ ਰੰਧਾਵਾ, ਰਾਮ ਸਿੰਘ ਸੋਲੰਕੀ, ਸਤਪਾਲ ਮਹਿਤਾ, ਲਾਦੂ ਰਾਮ ਪੂਨੀਆ, ਜੱਗਾ ਸਿੰਘ ਬਰਾੜ, ਦੁਰਗਾ ਸਿੰਘ ਅਤੇ ਭੋਲਾ ਸਿੰਘ ਮੱਲੇਕਾ ਆਦਿ ਪਾਰਟੀ ਨੇਤਾ ਉਨ੍ਹਾਂ ਨਾਲ ਆਦਿ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਲੁਦੇਸਰ, ਮਾਣਕ ਦੀਵਾਨ, ਦਡਬਾ ਕਲਾਂ, ਸ਼ਾਹਪੁਰੀਆ, ਸ਼ਕਰ ਮੰਦੋਰੀ, ਨਿਰਵਾਨ ਆਦਿ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ 12 ਜ਼ਿਲ੍ਹਿਆਂ ਦੇ ਕਿਸਾਨ ਸਰਕਾਰ ਦੇ ਇਸ ਰਵੱਈਏ ਤੋਂ ਨਾਰਾਜ਼ ਹਨ। ਸ਼ੈਲਜਾ ਨੇ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਖੂਨ-ਪਾਣੀ ਇਕੱਠੇ ਨਹੀਂ ਹੋ ਸਕਦੇ, ਜਦੋਂਕਿ ਦੂਜੇ ਪਾਸੇ ਪਾਕਿਸਤਾਨ ਨਾਲ ਮੈਚ ਦੀ ਇਜਾਜ਼ਤ ਦੇ ਰਹੀ ਹੈ। ਸਰਕਾਰ ਨੂੰ ਦੇਸ਼ ਦੇ ਹਿੱਤ ਵੱਲ ਦੇਖਣਾ ਚਾਹੀਦਾ ਸੀ। ਕੁਮਾਰੀ ਸ਼ੈਲਜਾ ਨੇ ਪਿੰਡ ਗੁਡੀਆਖੇੜਾ ਵਿਖੇ ਘੱਗਰ ਨਾਲਾ ਟੁੱਟਣ ਕਾਰਨ ਖੇਤਾਂ ਵਿੱਚ ਪਾਣੀ ਭਰਨ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਖੇਤ ਤਲਾਅ ਵਿੱਚ ਬਦਲ ਗਏ ਹਨ ਅਤੇ ਖੜ੍ਹੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਕਿਸਾਨਾਂ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਹੈ, ਜਿਸਦੀ ਭਰਪਾਈ ਕਰਨਾ ਆਸਾਨ ਨਹੀਂ ਹੈ। ਇਹ ਸਥਿਤੀ ਭਾਜਪਾ ਸਰਕਾਰ ਦੀ ਲਾਪਰਵਾਹੀ ਅਤੇ ਕੁਪ੍ਰਬੰਧ ਨੂੰ ਉਜਾਗਰ ਕਰਦੀ ਹੈ। ਜੇਕਰ ਨਾਲੇ ਦੀ ਮੁਰੰਮਤ ਅਤੇ ਮਜ਼ਬੂਤੀ ਦਾ ਕੰਮ ਸਮੇਂ ਸਿਰ ਕੀਤਾ ਜਾਂਦਾ ਤਾਂ ਕਿਸਾਨਾਂ ਨੂੰ ਇਸ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ।