ਮਾਲਵਾ ਖੇਤਰ ’ਚ ਵੱਡੇ ਪੱਧਰ ’ਤੇ ਭਾਜਪਾ ਦੇ ਬੂਥ ਲੱਗੇ
ਕਿਸੇ ਵੀ ਪਿੰਡ ’ਚ ਭਾਜਪਾ ਉਮੀਦਵਾਰਾਂ ਨੂੰ ਵਿਰੋਧ ਦਾ ਸਾਹਮਣਾ ਨਾ ਕਰਨਾ ਪਿਆ
ਮਾਲਵਾ ਖੇਤਰ ਦੇ ਜਿਹੜੇ ਇਲਾਕਿਆਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਜਾਣ ਉਤੇ ਭਾਰੀ ਲੋਕ ਰੋਹ ਦਾ ਸਾਹਮਣਾ ਕਰਨਾ ਪੈਂਦਾ ਸੀ, ਉਨ੍ਹਾਂ ਪਿੰਡਾਂ ਵਿੱਚ ਇਸ ਵਾਰ ਪਾਰਟੀ ਦੇ ਧੜੱਲੇ ਨਾਲ ਪੋਲਿੰਗ ਬੂਥ ਲੱਗੇ। ਸੰਘਰਸ਼ੀ ਜਥੇਬੰਦੀਆਂ ਨਾਲ ਜੁੜੇ ਹੋਏ ਪਿੰਡਾਂ ਵਿੱਚ ਅੱਜ ਭਾਜਪਾ ਉਮੀਦਵਾਰਾਂ ਦੇ ਪੋਲਿੰਗ ਬੂਥਾਂ ਉਤੇ ਰੌਣਕ-ਮੇਲਾ ਵੇਖਣ ਨੂੰ ਖੂਬ ਮਿਲਿਆ ਅਤੇ ਕਿਸੇ ਵੀ ਪਿੰਡ ਵਿੱਚ ਭਾਜਪਾ ਉਮੀਦਵਾਰਾਂ ਨੂੰ ਕੋਈ ਵਿਰੋਧ ਦਾ ਸਾਹਮਣਾ ਨਾ ਕਰਨਾ ਪਿਆ। ਭਾਜਪਾ ਦਾ ਅਜਿਹਾ ਵਿਰੋਧ ਨਾ ਹੋਣ ਕਾਰਨ ਸਿਆਸਤ ਵਿੱਚ ਇੱਕ ਨਵਾਂ ਮੌੜ ਆਉਣ ਸੰਕੇਤ ਵਿਖਾਈ ਦੇਣ ਲੱਗਿਆ ਹੈ। ਇਨ੍ਹਾਂ ਬੂਥਾਂ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਹਾਜ਼ਰੀ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਦਾ ਸਿਆਸੀ ਮਾਹੌਲ ਬਦਲ ਰਿਹਾ ਹੈ ਅਤੇ ਲੋਕ ਭਾਜਪਾ ਪ੍ਰਤੀ ਆਪਣੀ ਦਿਲਚਸਪੀ ਦਿਖਾ ਰਹੇ ਹਨ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਚੋਣ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਪਾਰਟੀ ਨੂੰ ਭਰਪੂਰ ਪਿਆਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਏ ਵਿਰੋਧ ਦੇ ਬਾਵਜੂਦ ਅੱਜ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਪੇਂਡੂ ਖੇਤਰਾਂ ਵਿੱਚ ਭਾਜਪਾ ਪ੍ਰਤੀ ਸਕਾਰਾਤਮਕ ਮਾਹੌਲ ਬਣ ਰਿਹਾ ਹੈ ਅਤੇ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।
ਦਿਲਚਸਪ ਗੱਲ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਅਤੇ ਉਸਤੋਂ ਪਹਿਲਾਂ 2022 ’ਚ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ ਉਮੀਦਵਾਰਾਂ ਦਾ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਬਹੁਤ ਵੱਡੀ ਪੱਧਰ ’ਤੇ ਵਿਰੋਧ ਹੋਇਆ ਸੀ, ਪਰ ਅੱਜ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ, ਜੋ ਕਿ ਪੂਰੀ ਤਰ੍ਹਾਂ ਪੇਂਡੂ ਖੇਤਰਾਂ ਨਾਲ ਸੰਬੰਧਤ ਹਨ,ਭਾਜਪਾ ਲਈ ਪਿੰਡਾਂ ਵਿੱਚ ਮਜ਼ਬੂਤੀ ਨਾਲ ਪ੍ਰਵੇਸ਼ ਕਰਨ ਦਾ ਇੱਕ ਸੁਨਹਿਰੀ ਮੌਕਾ ਸਨ।
ਸ੍ਰੀ ਨਕੱਈ ਨੇ ਕਿਹਾ ਕਿ ਪੋਲਿੰਗ ਬੂਥਾਂ ਉੱਪਰ ਲੋਕਾਂ ਦੀ ਭਾਰੀ ਗਿਣਤੀ ਵਿੱਚ ਪਹੁੰਚ ਦਰਸਾਉਂਦੀ ਹੈ ਕਿ ਪੰਜਾਬ ਦੇ ਲੋਕ ਹੁਣ ਭਾਜਪਾ ਨੂੰ ਇੱਕ ਵਿਕਲਪ ਵਜੋਂ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਭਾਜਪਾ ਨੇ ਆਪਣੇ ਦਮ ’ਤੇ ਲੜੀ ਗਈ ਪਹਿਲੀ ਜ਼ਿਲ੍ਹਾ ਪੱਧਰੀ ਚੋਣ ਸੀ ਅਤੇ ਇਸ ਵਿੱਚ ਮਿਲਿਆ ਇਹ ਹੁੰਗਾਰਾ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਇੱਕ ਵੱਡੀ ਤਬਦੀਲੀ ਦਾ ਆਗਾਜ਼ ਹੋ ਸਕਦਾ ਹੈ।

