ਡਾਕਟਰ ਦੀ ਘਾਟ ਕਾਰਨ ਭੋਤਨਾ ਦੇ ਪਸ਼ੂ ਹਸਪਤਾਲ ਨੇ ਹੋਂਦ ਗੁਆਈ
ਹਲਕੇ ਦੇ ਪਿੰਡ ਭੋਤਨਾ ਦਾ ਪਸ਼ੂ ਹਸਪਤਾਲ ਲੰਬੇ ਸਮੇਂ ਤੋਂ ਡਾਕਟਰਾਂ ਦੀ ਘਾਟ ਕਾਰਨ ਆਪਣੀ ਹੋਂਦ ਗੁਆ ਚੁੱਕਿਆ ਹੈ। ਕਰੀਬ ਅੱਠ ਸਾਲਾਂ ਤੋਂ ਡਾਕਟਰ ਨਾ ਹੋਣ ਕਾਰਨ ਹਸਪਤਾਲ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਸ ਦੇ ਵਿਹੜੇ ਵਿੱਚ ਰੂੜੀਆਂ ਦਾ ਢੇਰ ਲੱਗੇ ਹਨ ਅਤੇ ਚਾਦਰਾਂ ਦਾ ਸ਼ੱਡ ਡਿੱਗ ਗਿਆ ਹੈ ਜਦੋਂਕਿ ਹਸਪਤਾਲ ਦੀ ਇਮਾਰਤ ਵੀ ਡਿੱਗਣ ਕਿਨਾਰੇ ਹੈ। ਪਸ਼ੂ ਪਾਲਕਾਂ ਲਈ ਪਿੰਡ ’ਚ ਸਰਕਾਰੀ ਸੇਵਾਵਾਂ ਠੱਪ ਹਨ।
ਜਾਣਕਾਰੀ ਅਨੁਸਾਰ ਸਤੰਬਰ 2007 ਵਿੱਚ ਇਸ ਪਸ਼ੂ ਹਸਪਤਾਲ ਦਾ ਤਤਕਾਲੀ ਵਿਧਾਇਕ ਸੰਤ ਬਲਵੀਰ ਸਿੰਘ ਘੁੰਨਸ ਨੇ ਉਦਘਾਟਨ ਕੀਤਾ ਸੀ ਅਤੇ ਕਈ ਸਾਲ ਇੱਥੇ ਵੈਟਰਨਰੀ ਡਾਕਟਰ ਆਪਣੀਆਂ ਸੇਵਾਵਾਂ ਦਿੰਦੇ ਰਹੇ। ਪਸ਼ੂ ਪਾਲਣ ਵਿਭਾਗ ਦੇ ਰਿਕਾਰਡ ਅਨੁਸਾਰ ਇਹ ਹਸਪਤਾਲ ਦੀ ਥਾਂ ਜ਼ਿਲ੍ਹਾ ਬਰਨਾਲਾ ਦੀ ਇੱਕੋ-ਇੱਕ ਨਾਨ ਪਲਾਨਡ ਡਿਸਪੈਂਸਰੀ ਹੈ। ਇਸ ਵਿੱਚ ਵੈਟਰਨਰੀ ਡਾਕਟਰ ਦੀ ਕੋਈ ਆਸਾਮੀ ਨਿਰਧਾਰਤ ਨਹੀਂ ਹੈ ਅਤੇ ਇੱਥੇ ਡੈਪੂਟੈਸ਼ਨ ’ਤੇ ਹੀ ਡਾਕਟਰ ਭੇਜਿਆ ਜਾਂਦਾ ਹੈ। ਇਹ ਡਿਸਪੈਂਸਰੀ ਲੰਬਾ ਸਮਾਂ ਆਸ-ਪਾਸ ਦੇ ਪਿੰਡ ਪੱਖੋਕੇ ਅਤੇ ਚੂੰਘਾਂ ਹਸਪਤਾਲ ਨਾਲ ਜੋੜ ਕੇ ਚੱਲਦੀ ਰਹੀ ਹੈ ਪਰ ਹੁਣ ਡਾਕਟਰ ਨਾ ਹੋਣ ਕਾਰਨ ਬੰਦ ਹੈ।
ਪਿੰਡ ਦੇ ਪਸ਼ੂ ਪਾਲਕ ਨਿੱਜੀ ਵੈਟਰਨਰੀ ਡਾਕਟਰਾਂ ਉੱਪਰ ਹੀ ਨਿਰਭਰ ਹਨ ਜਦੋਂਕਿ ਸਰਕਾਰੀ ਸੇਵਾਵਾਂ ਲਈ ਟੱਲੇਵਾਲ ਦੇ ਪਸ਼ੂ ਹਸਪਤਾਲ ਤੱਕ ਪਹੁੰਚ ਕਰਨੀ ਪੈਂਦੀ ਹੈ। ਪਿੰਡ ਵਾਸੀ ਅਮਰਜੀਤ ਸਿੰਘ ਸੇਖੋਂ ਅਤੇ ਅਮਨਦੀਪ ਸਿੰਘ ਭੋਤਨਾ ਨੇ ਕਿਹਾ ਕਿ ਤਿੰਨ ਸਾਲਾਂ ਤੋਂ ‘ਆਪ’ ਸਰਕਾਰ ਨੇ ਪਿੰਡ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਡਾਕਟਰ ਦੀ ਆਸਾਮੀ ਭਰ ਕੇ ਪਸ਼ੂ ਡਿਸਪੈਂਸਰੀ ਨੂੰ ਚਾਲੂ ਕੀਤਾ ਜਾਵੇ।
ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਪਸ਼ੂ ਡਿਸਪੈਂਸਰੀ ਚੱਲਦੀ ਰੱਖਣ ਲਈ ਪਿੰਡ ’ਚ ਘੱਟੋ-ਘੱਟ ਦੋ ਹਜ਼ਾਰ ਪਸ਼ੂਆਂ ਦਾ ਹੋਣਾ ਲਾਜ਼ਮੀ ਹੈ ਜਦੋਂਕਿ ਭੋਤਨਾ ’ਚ ਪਸ਼ੂਆਂ ਦੀ ਸੰਖਿਆ ਘੱਟ ਹੋਣ ਕਾਰਨ ਇਹ ਬੰਦ ਕਰ ਦਿੱਤੀ ਗਈ ਹੈ। ਹੁਣ ਇਸ ਪਿੰਡ ਨੂੰ ਟੱਲੇਵਾਲ ਪਸ਼ੂ ਹਸਪਤਾਲ ਨਾਲ ਜੋੜਿਆ ਗਿਆ ਹੈ ਅਤੇ ਜਿੱਥੋਂ ਦੋਵਾਂ ਪਿੰਡਾਂ ਦੇ ਪਸ਼ੂਆਂ ਨੂੰ ਵੈਕਸੀਨੇਸ਼ਨ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।