ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਸੰਘਰਸ਼ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਆਪਣੀਆਂ ਮੰਗਾਂ ਲਈ 29 ਸਤੰਬਰ ਨੂੰ ਇੱਥੇ ਜ਼ਿਲ੍ਹਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਲਿਆ ਗਿਆ। ਇਸ ਮੀਟਿੰਗ ’ਚ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਰੇਸ਼ਮ ਸਿੰਘ ਯਾਤਰੀ ਵੀ ਪੁੱਜੇ ਹੋਏ ਸਨ। ਮੀਟਿੰਗ ’ਚ ਅਤੀਤ ਦੌਰਾਨ ਪਰਾਲੀ ਨੂੰ ਅੱਗੇ ਲਾਉਣ ਦੇ ਸਬੰਧ ’ਚ ਕਿਸਾਨਾਂ ’ਤੇ ਦਰਜ ਪੁਲੀਸ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਪਿਛਲੇ ਦਿਨੀਂ ਮਾਣਯੋਗ ਸੁਪਰੀਮ ਕੋਰਟ ਵੱਲੋਂ ਪਰਾਲੀ ਸਬੰਧੀ ਕਿਸਾਨਾਂ ’ਤੇ ਸਖ਼ਤ ਕਾਰਵਾਈ ਲਈ ਸਰਕਾਰ ਨੂੰ ਦਿੱਤੇ ਗਏ ਆਦੇਸ਼ਾਂ ਨੂੰ ਵਾਪਸ ਲੈਣ ਦੀ ਮੰਗ ਵੀ ਰੱਖੀ ਗਈ। ਇਸੇ ਤਰ੍ਹਾਂ ਚਿੱਪ ਵਾਲੇ ਬਿਜਲੀ ਦੇ ਮੀਟਰ ਨਾ ਲਾਏ ਜਾਣ ਅਤੇ ਪਹਿਲਾਂ ਲੱਗੇ ਅਜਿਹੇ ਮੀਟਰ ਬਦਲੀ ਕੀਤੇ ਜਾਣ ਦੀ ਵੀ ਸਰਕਾਰ ਤੋਂ ਮੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਕਣਕ ਬਿਜਾਈ ਦਾ ਸੀਜ਼ਨ ਆਉਣ ਵਾਲਾ ਹੈ ਪਰ ਡੀਏਪੀ ਦੀ ਹੁਣ ਤੋਂ ਹੀ ਕਿੱਲਤ ਹੋ ਗਈ ਹੈ। ਇਸ ਦੌਰਾਨ ਦੱਸਿਆ ਗਿਆ ਕਿ ਡੀਏਪੀ ਖਾਦ ਦੇ ਨਾਲ ਕਿਸਾਨਾਂ ਨੂੰ ਮੱਲੋਜ਼ੋਰੀ ਥੋਪੀਆਂ ਜਾ ਰਹੀਆਂ ਹੋਰ ਚੀਜ਼ਾਂ ਦਾ ਰੁਝਾਨ ਬੰਦ ਕੀਤਾ ਜਾਵੇ। ਇਸ ਮੌਕੇ ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਜੋਧਾ ਸਿੰਘ ਨੰਗਲਾ, ਕੁਲਵੰਤ ਸਿੰਘ ਨੇਹੀਆਂ ਵਾਲਾ, ਅੰਗਰੇਜ਼ ਸਿੰਘ ਕਲਿਆਣ, ਦਰਸ਼ਨ ਸਿੰਘ ਬੱਜੂਆਣਾ, ਜਸਬੀਰ ਸਿੰਘ ਗਹਿਰੀ, ਗੁਰਦੀਪ ਸਿੰਘ, ਸੁਖਦੇਵ ਸਿੰਘ ਫੂਲ, ਬਲਵਿੰਦਰ ਸਿੰਘ ਜੋਧਪੁਰ, ਗੁਰਜੰਟ ਸਿੰਘ ਭਗਤਾ, ਭੋਲਾ ਸਿੰਘ ਕੋਟੜਾ, ਮਹਿਮਾ ਸਿੰਘ ਤਲਵੰਡੀ ਸਾਬੋ, ਪਿਆਰਾ ਸਿੰਘ ਸੰਗਤ ਸੰਬੋਧਨ ਕੀਤਾ।