ਭਾਈ ਬਖ਼ਤੌਰ ਕਾਂਡ ਦੇ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਮਿਲੇਗੀ: ਭੱਲਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਜੂਨ
ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹ ਕੋਆਰਡੀਨੇਟਰ ਜਤਿੰਦਰ ਭੱਲਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਯੁੱਧ ਦਾ ਐਲਾਨ ਕੀਤਾ ਹੈ, ਉਦੋਂ ਤੋਂ ਨਸ਼ਾ ਤਸਕਰ ਘਬਰਾਹਟ ਵਿੱਚ ਹਨ ਅਤੇ ਉਹ ਨਸ਼ਿਆਂ ਦੀ ਵਿਰੋਧਤਾ ਕਰਨ ਵਾਲਿਆਂ ਨੂੰ ਖ਼ੌਫ਼ਜ਼ਦਾ ਕਰਨ ਲਈ ਯਤਨਸ਼ੀਲ ਹਨ।
ਉਨ੍ਹਾਂ ਕਿਹਾ ਕਿ ਪੰਜਾਬੀ ਪੰਜਾਬ ਸਰਕਾਰ ਦੇ ਨਾਲ ਹਨ ਅਤੇ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਲਾਮਤੀ ਲਈ ਆਰ-ਪਾਰ ਦੀ ਜੰਗ ਲੜ ਰਹੇ ਹਨ। ਸ੍ਰੀ ਭੱਲਾ ਨੇ ਲੰਘੇ ਦਿਨੀਂ ਚਰਚਾ ’ਚ ਆਏ ਪਿੰਡ ਭਾਈ ਬਖ਼ਤੌਰ ਦੇ ਵਸਨੀਕਾਂ ਨੂੰ ਵਿਸ਼ਵਾਸ਼ ਦੁਆਇਆ ਘਟਨਾ ਦੇ ਮੁਲਜ਼ਮਾਂ ਨੂੰ ਮਿਸਾਲੀ ਸਜ਼ਾ ਤੱਕ ਪਹੁੰਚਾਉਣਾ ਪੰਜਾਬ ਸਰਕਾਰ ਦਾ ਟੀਚਾ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਪਿੰਡ ਦੀ ਸੁਰੱਖਿਆ ਲਈ ਮੁਸਤੈਦ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਤਾੜਨਾ ਕੀਤੀ ਕਿ ਫੌਜੀ ਰਣਵੀਰ ਸਿੰਘ ਇਕੱਲਾ ਨਹੀਂ, ਸਗੋਂ ਹੁਣ ਹਰ ਗਲੀ, ਹਰ ਘਰ ਤੇ ਹਰ ਕੂਚੇ ’ਚ ਲੱਖਾਂ ਰਣਵੀਰ ਹੋਰ ਪੈਦਾ ਹੋ ਗਏ ਹਨ, ਜੋ ਤੁਹਾਡੇ ਤੁਖ਼ਮ ਦਾ ਮਲੀਆਮੇਟ ਕਰਕੇ ਸਾਹ ਲੈਣਗੇ।