ਬਠਿੰਡਾ ਪੁਲੀਸ ਵੱਲੋਂ 7 ਨਸ਼ਾ ਤਸਕਰ ਤੇ 4 ਨਸ਼ੇੜੀ ਗ੍ਰਿਫ਼ਤਾਰ
ਸ਼ਗਨ ਕਟਾਰੀਆ
ਬਠਿੰਡਾ, 19 ਜੂਨ
ਜ਼ਿਲ੍ਹਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ’ਚ ਕਥਿਤ ਨਸ਼ਾ ਤਸਕਰੀ ਦੇ ਦੋਸ਼ ’ਚ 7 ਅਤੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਨੂੰ ਕਾਬੂ ਕਰਕੇ ਕੇਸ ਦਰਜ ਕੀਤੇ ਹਨ। ਵੇਰਵਿਆਂ ਅਨੁਸਾਰ ਸੀਆਈਏ-2 ਬਠਿੰਡਾ ਨੇ ਬੀੜ ਤਲਾਬ ਬਸਤੀ ਦੇ ਰਹਿਣ ਵਾਲੇ ਕਰਨੈਲ ਸਿੰਘ ਨੂੰ 10 ਗ੍ਰਾਮ ਹੈਰੋਇਨ ਅਤੇ 15 ਹਜ਼ਾਰ ਰੁਪਏ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਬਠਿੰਡਾ ਦੀ ਪੁਲੀਸ ਨੇ ਬੀੜ ਤਲਾਬ ਬਸਤੀ ਦੇ ਹੀ ਰਾਜੂ ਸਿੰਘ ਨੂੰ ਪਿੰਡ ਬੱਲੂਆਣਾ ਨੇੜਿਓਂ 100 ਨਸ਼ੀਲੀਆ ਗੋਲੀਆਂ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਿਆਲਪੁਰਾ ਦੀ ਪੁਲੀਸ ਨੇ ਪਿੰਡ ਸਿਰੀਏ ਵਾਲਾ ਦੇ ਸੰਦੀਪ ਸਿੰਘ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬਾਲਿਆਂ ਵਾਲੀ ਦੀ ਪੁਲੀਸ ਪਾਰਟੀ ਨੇ ਪਿੰਡ ਖੋਖਰ ਦੇ ਮੈਂਗਲਜੀਤ ਸਿੰਘ ਨੂੰ ਪਿੰਡ ਭੂੰਦੜ ਤੋਂ 45.53 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ।
ਥਾਣਾ ਤਲਵੰਡੀ ਸਾਬੋ ਦੀ ਪੁਲੀਸ ਨੇ ਪਿੰਡ ਤਿਓਣਾ ਪੁਜਾਰੀਆਂ ਦੇ ਭੋਲਾ ਸਿੰਘ ਨੂੰ 30 ਕੈਪਸੂਲ ਪ੍ਰੈਗਾਬਲਿਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਰਾਮਾਂ ਦੀ ਪੁਲੀਸ ਨੇ ਪਿੰਡ ਬੰਗੀ ਦੀਪਾ ਦੇ ਵਸਨੀਕ ਅਮਰਜੋਤ ਸਿੰਘ ਨੂੰ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਤੋਂ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਰਾਮਾਂ ਦੀ ਹੀ ਪੁਲੀਸ ਨੇ ਪਿੰਡ ਸੇਖ਼ੂ ਦੇ ਵਸਨੀਕ ਹਰਮੇਲ ਸਿੰਘ ਨੂੰ ਪਿੰਡ ਬਾਘਾ ਤੋਂ 60 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿਟੀ ਰਾਮਪੁਰਾ ਦੀ ਪੁਲੀਸ ਨੇ ਨਸ਼ਾ ਕਰ ਰਹੇ 4 ਵਿਅਕਤੀਆਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਦੀ ਪਛਾਣ ਬਲਕਾਰ ਸਿੰਘ, ਵਿੱਕੀ ਸਿੰਘ, ਮਨੀ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਜੋਂ ਦੱਸੀ ਗਈ ਹੈ।