ਬਠਿੰਡਾ ਨਗਰ ਨਿਗਮ ਵੱਲੋਂ 199 ਕਰੋੜ ਦਾ ਬਜਟ ਪਾਸ
ਮਨੋਜ ਸ਼ਰਮਾ
ਬਠਿੰਡਾ, 4 ਮਾਰਚ
ਬਠਿੰਡਾ ਨਗਰ ਨਿਗਮ ਵੱਲੋਂ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਵਿੱਚ ਪਹਿਲਾ ਬਜਟ ਅੱਜ ਪੇਸ਼ ਕੀਤਾ ਗਿਆ। ਸਾਲ 2025-26 ਲਈ ਬਜਟ ਪੇਸ਼ ਕਰਨ ਤੋਂ ਬਾਅਦ ਜਨਰਲ ਹਾਊਸ ਦੀ ਮੀਟਿੰਗ ਵਿੱਚ ਚਰਚਾ ਹੋਈ ਅਤੇ ਫਿਰ 199 ਕਰੋੜੀ ਬਜਟ ਨੂੰ ਬਹੁਮਤ ਨਾਲ ਪਾਸ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਡਿਪਟੀ ਕਮਿਸ਼ਨਰ-ਕਮ-ਨਗਰ ਨਿਗਮ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਜੁਆਇੰਟ ਕਮਿਸ਼ਨਰ ਜਸਪਾਲ ਸਿੰਘਅਤੇ ਹੋਰ ਅਧਿਕਾਰੀ ਮੌਜੂਦ ਸਨ। ਨਿਗਮ ਦੇ ਇਜਲਾਸ ਦੌਰਾਨ ਮਤਾ ਪਾਸ ਕਰਦੇ ਹੋਏ ਨਿਗਮ ਦੀਆਂ ਵਿੱਤ ਕਮੇਟੀਆਂ ਤੇ ਸਬ ਕਮੇਟੀਆਂ ਉੱਤੇ ਕਾਬਜ਼ ਕਾਂਗਰਸ ਕੌਂਸਲਰਾਂ ਨੂੰ ਲਾਂਭੇ ਕਰਦੇ ਹੋਏ ਭੰਗ ਕਰ ਦਿੱਤਾ।
ਮੇਅਰ ਨੇ ਕਿਹਾ ਕਿ ਨਵਾਂ ਬਜਟ ਬਠਿੰਡਾ ਵਾਸੀਆਂ ਦੀ ਉਮੀਦ ’ਤੇ ਖਰਾ ਉੱਤਰੇਗਾ। ਉਨ੍ਹਾਂ ਕਿਹਾ ਕਿ ਬਿਜਲੀ ਬਿੱਲ ਨੂੰ ਘਟਾਉਣ ਲਈ 8 ਏਕੜ ਜ਼ਮੀਨ ’ਤੇ ਸੋਲਰ ਪਲਾਂਟ ਲਾਹਇਆ ਜਾਵੇਗਾ। ਸ਼ਹਿਰ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਪ੍ਰਣਾਲੀ ਦੀ ਸੁਧਾਰ ਲਈ ਡੀ-ਸ਼ਿਲਟਿੰਗ ਲਈ ਇੱਕ ਸੂਪਰ ਸਕਰ ਮਸ਼ੀਨ ਵੀ ਖਰੀਦੀ ਜਾਵੇਗੀ। ਬਠਿੰਡਾ ਨੂੰ ਅਪਰਾਧ ਅਤੇ ਨਸ਼ਾ ਮੁਕਤ ਬਣਾਉਣ ਲਈ, ਹਰੇਕ ਵਾਰਡ ਵਿੱਚ 1 ਕਰੋੜ ਦੀ ਲਾਗਤ ਨਾਲ ਸੀਸੀਟੀਵੀ ਕੈਮਰੇ ਲਗਾਏ ਜਾਣਗੇ। 40 ਕਰੋੜ ਦੀ ਲਾਗਤ ਨਾਲ ਨਗਰ ਨਿਗਮ ਦੀ ਨਵੀਂ ਇਮਾਰਤ ਦਾ ਨਿਰਮਾਣ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚੌਕ, ਗ੍ਰੀਨ ਬੈਲੇਟ ਦੇਖਭਾਲ ਚੰਡੀਗੜ੍ਹ ਦੀ ਤਰਜ਼ ’ਤੇ ਵਧੀਆ ਕੰਪਨੀਆਂ ਅਤੇ ਐੱਜੀਓਜ਼ ਦੀ ਮਦਦ ਨਾਲ ਕੀਤੀ ਜਾਵੇਗੀ। ਇਸ ਦੌਰਾਨ 50 ਲੱਖ ਦੀ ਲਾਗਤ ਨਾਲ ਲਾਇਬਰੇਰੀ ਬਣਾਈ ਜਾਵੇਗੀ। ਸ਼ਹਿਰ ਵਿੱਚ ਆਮ ਜਨਤਾ ਦੇ ਬੈਠਣ ਲਈ 1000 ਬੈਂਚ ਲਗਾਏ ਜਾਣਗੇ ਅਤੇ ਜੌਗਰ ਪਾਰਕਾਂ ਦੀ ਟ੍ਰੈਕਿੰਗ ’ਚ ਸੁਧਾਰ ਕੀਤਾ ਜਾਵੇਗਾ। 2 ਕਰੋੜ ਦੀ ਲਾਗਤ ਨਾਲ ਕਮਿਊਨਿਟੀ ਹਾਲ ਅਤੇ 2 ਕਰੋੜ ਦੀ ਲਾਗਤ ਨਾਲ ਬੱਚਿਆਂ ਲਈ ਖੇਡ ਕੇਂਦਰ ਬਣਾਇਆ ਜਾਵੇਗਾ।
ਸ਼ਹਿਰ ਵਿੱਚ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ, 50 ਸਫਾਈ ਕਰਮਚਾਰੀਆਂ ਨੂੰ ਮਾਰਸ਼ਲ ਬਣਾਇਆ ਜਾਵੇਗਾ ਜੋ ਵਿਦੇਸ਼ ਦੀ ਤਰਜ਼ ’ਤੇ ਵਰਦੀਆਂ ਪਹਿਨਣਗੇ ਅਤੇ ਟ੍ਰੈਫਿਕ ਪੁਲੀਸ ਦੇ ਨਾਲ ਤਾਇਨਾਤ ਕੀਤੇ ਜਾਣਗੇ।
----ਡੱਬੀ:: ਨਿਗਮ ਦੀ ਥਾਂ ਵੇਚਣ ਦਾ ਵਿਰੋਧ
ਨਿਗਮ ਦੀ ਮੀਟਿੰਗ ਦੌਰਾਨ ਅਮਰੀਕ ਸਿੰਘ ਰੋਡ ’ਤੇ ਪਈ ਥਾਂ ਨੂੰ ਵੇਚੇ ਜਾਣ ਬਾਰੇ ਚਰਚਾ ਹੋਈ। ਕਾਂਗਰਸ ਕੌਂਸਲਰ ਮਲਕੀਤ ਸਿੰਘ ਗਿੱਲ, ਹਰਵਿੰਦਰ ਸਿੰਘ ਲੱਡੂ ਵੱਲੋਂ ਵਿਰੋਧ ਕੀਤਾ। ਉਨ੍ਹਾਂ ਕਿਹਾ ਅਮਰੀਕ ਸਿੰਘ ਰੋਡ ਤੇ ਮਹਿੰਗੇ ਭਾਅ ਦੀ ਜ਼ਮੀਨ ਵੇਚਣਾ ਗ਼ਲਤ ਫ਼ੈਸਲਾ ਹੈ। ਕਾਂਗਰਸ ਕੌਂਸਲਰਾਂ ਨੇ ਇਸ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਵੇਚਿਆ ਜਾ ਰਿਹਾ ਹੈ।