ਬਠਿੰਡਾ ਕਿਸਾਨ ਮੇਲਾ: ਕਿਸਾਨ ਮੁਨਾਫ਼ੇ ਲਈ ਜਿਣਸਾਂ ਪ੍ਰੋਸੈਸਿੰਗ ਕਰ ਕੇ ਵੇਚਣ: ਗੋਸਲ
ਸਿਫ਼ਾਰਸ਼-ਸ਼ੁਦਾ ਬੀਜ ਬੀਜਣ ਦੀ ਸਲਾਹ; ਵੱਡੀ ਗਿਣਤੀ ਕਿਸਾਨਾਂ ਨੇ ਕੀਤੀ ਸ਼ਿਰਕਤ
ਪੰਜਾਬ ਖੇਤੀਬਾੜੀ ’ਵਰਸਿਟੀ ਦੇ ਖੇਤਰੀ ਖੋਜ ਕੇਂਦਰ ਵਿੱਚ ਅੱਜ ‘ਕਿਸਾਨ ਮੇਲਾ’ ਲਾਇਆ ਗਿਆ। ‘ਜਿਣਸਾਂ ਤੋਂ ਉਤਪਾਦ ਬਣਾਈਏ, ਖੇਤੀ ਮੁਨਾਫ਼ਾ ਹੋਰ ਵਧਾਈਏ’ ਦੇ ਮੰਤਵ ਤਹਿਤ ਲੱਗੇ ਇਸ ਮੇਲੇ ਵਿੱਚ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਮਨਮੋਹਨ ਸਿੰਘ ਜਾਖੜ ਅਤੇ ਮਹਾਰਾਜਾ ਰਣਜੀਤ ਸਿੰਘ ’ਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਐੱਸ ਕੇ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਿਸਾਨਾਂ ਦੇ ਨੂੰ ਸੰਬੋਧਨ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ ਏ ਯੂ ਦੇਸ਼ ਭਰ ਦੀਆਂ ਖੇਤੀ ਯੂਨੀਵਰਸਿਟੀਆਂ ਵਿੱਚੋਂ ਤੀਜੇ ਸਥਾਨ ’ਤੇ ਆਈ ਹੈ, ਜਿਸ ਦਾ ਸਮੁੱਚਾ ਸਿਹਰਾ ਸਾਡੇ ਮਿਹਨਤਕਸ਼ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਲਗਨ ਨੂੰ ਜਾਂਦਾ ਹੈ। ਮੇਲੇ ਦੇ ਉਦੇਸ਼ ਬਾਰੇ ਉਨ੍ਹਾਂ ਕਿਹਾ ਕਿ ਖੇਤੀ ਮੁਨਾਫ਼ਾ ਵਧਾਉਣ ਲਈ ਸਾਨੂੰ ਬਾਹਰਲੇ ਮੁਲਕਾਂ ਦੀ ਤਰਜ਼ ’ਤੇ ਆਪਣੀਆਂ ਖੇਤੀ ਜਿਣਸਾਂ ਸਿੱਧੀਆਂ ਮੰਡੀ ਵਿੱਚ ਵੇਚਣ ਦੀ ਬਜਾਏ ਉਨ੍ਹਾਂ ਦੀ ਪ੍ਰਾਸੈਸਿੰਗ ਕਰਕੇ ਵੱਧ ਤੋਂ ਵੱਧ ਉਤਪਾਦ ਬਨਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਘਰੇਲੂ ਪੱਧਰ ਤੇ ਪ੍ਰੋਸੈਸਿੰਗ ਯੂਨਿਟ ਲਾ ਕੇ ਅਸੀਂ ਗੁਣਵੱਤਾ ਭਰਪੂਰ ਵੱਖ-ਵੱਖ ਕਿਸਮਾਂ ਦੇ ਉਤਪਾਦ ਤਿਆਰ ਕਰ ਸਕਦੇ ਹਾਂ।
ਉਨ੍ਹਾਂ ਖੇਤੀ ਪ੍ਰੋਸੈਸਿੰਗ ਸਬੰਧੀ ਲੋੜੀਂਦੀ ਸਿਖਲਾਈ ਪੀਏਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਸਕਿੱਲਡ ਡਿਵੈਲਪਮੈਂਟ ਸੈਂਟਰ ਅਤੇ ਐਗਰੋ ਪ੍ਰੋਸੈਸਿੰਗ ਸੈਂਟਰ ਤੋਂ ਹਾਸਿਲ ਕਰਨ ਦੀ ਸਿਫ਼ਾਰਸ਼ ਕਰਦਿਆਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋ ਸਿਫਾਰਸ਼ ਸ਼ੁਦਾ ਕਿਸਮਾਂ ਬੀਜਣ ਦੀ ਤਾਕੀਦ ਕੀਤੀ।
ਖੇਤੀ ਗਿਆਨ-ਵਿਗਿਆਨ ਨੂੰ ਘਰ-ਘਰ ਪਹੁੰਚਾਉਣ ਲਈ ‘ਇੰਸਟੀਚਿਊਟ ਆਫ਼ ਐਗਰੀਕਲਚਰ’ ਦਾ ਉਦਘਾਟਨ ਕਰਦਿਆਂ ਡਾ. ਗੋਸਲ ਨੇ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਖੇਤੀ ਦੇ ਵਾਰਿਸ ਬਨਾਉਣ ਲਈ ਵੱਧ ਤੋਂ ਵੱਧ ਖੇਤੀ ਸਿੱਖਿਆ ਨਾਲ ਜੋੜਨ ਲਈ ਕਿਹਾ। ਇਸ ਦੌਰਾਨ ਕਿਸਾਨਾਂ ਨੇ ਉਤਸ਼ਾਹ ਨਾਲ ਨਵੇਂ ਬੀਜ ਖਰੀਦੇ।
ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਪੀਏਯੂ ਨੇ ਕਣਕ ਦੀ ਨਵੀਂ ਕਿਸਮ ਪੀ ਬੀ ਡਬਲਯੂ 872, ਜੌਆਂ ਦੀ ਕਿਸਮ ਪੀ ਐੱਲ-942, ਸੱਠੀ ਮੂੰਗੀ ਦੀ ਕਿਸਮ ਐੱਸ ਐੱਮ ਐੱਲ 2575 ਅਤੇ ਸਬਜ਼ੀਆਂ ਵਿੱਚੋ ਪੰਜਾਬ ਆਲੂ 103 ਅਤੇ 104 ਕਿਸਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਨਿੱਘਾ ‘ਜੀ ਆਇਆਂ’ ਕਹਿੰਦਿਆਂ ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਪੀਏਯੂ ਨੇ ਕਿਹਾ ਕਿ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਹੈ, ਜਿੱਥੇ ਆਏ ਦਿਨ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਮੇਲੇ ਲੱਗਦੇ ਰਹਿੰਦੇ ਹਨ, ਪਰ ਪੀਏਯੂ ਦਾ ਇਹ ਕਿਸਾਨ ਮੇਲਾ ਇਨ੍ਹਾਂ ਸਾਰੇ ਮੇਲਿਆਂ ਵਿੱਚੋਂ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ।
ਇਸ ਮੌਕੇ ਡਾ. ਗੁਰਜਿੰਦਰ ਸਿੰਘ ਰੋਮਾਣਾ ਪ੍ਰਮੁੱਖ ਖੇਤੀ ਵਿਗਿਆਨੀ ਨੂੰ ਯੂਨੀਵਰਸਿਟੀ ਸੇਵਾਵਾਂ ਵਿੱਚ ਪਾਏ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਖੇਤੀ ਖੋਜ ਅਤੇ ਪਾਸਾਰ ਨੂੰ ਹੋਰ ਉਤਸ਼ਾਹਿਤ ਕਰਨ ਲਈ ਹਰਨੇਕ ਸਿੰਘ (ਪਿੰਡ ਤਰਖਾਣ ਵਾਲਾ) ਨੇ 12,000 ਰੁਪਏ ਦੀ ਰਾਸ਼ੀ ਪੀਏਯੂ ਇੰਡੋਵਮੈਂਟ ਫੰਡ ਵਜੋਂ ਦਿੱਤੀ। ਡਾ. ਕਰਮਜੀਤ ਸਿੰਘ ਸੇਖੋਂ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬਠਿੰਡਾ ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਸੰਚਾਲਨ ਡਾ. ਗੁਰਜਿੰਦਰ ਸਿੰਘ ਰੋਮਾਣਾ ਅਤੇ ਡਾ. ਅਮਰਜੀਤ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ਼ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।