ਸਕੂਲ ਸਰਵੇਖਣ ’ਚ ਬਰਨਾਲਾ ਜ਼ਿਲ੍ਹਾ ਮੋਹਰੀ
ਖੇਤਰੀ ਪ੍ਰਤੀਨਿਧ
ਬਰਨਾਲਾ, 27 ਜੂਨ
ਭਾਰਤ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ (ਸਿੱਖਿਆ ਮੰਤਰਾਲੇ) ਵੱਲੋਂ ਜਾਰੀ ਪਰਫਾਰਮੈਂਸ ਗਰੇਡਿੰਗ ਇੰਡੈਕਸ ਰਿਪੋਰਟ (2023-24) ਵਿੱਚ ਜ਼ਿਲ੍ਹਾ ਬਰਨਾਲਾ ਨੇ 600 ਵਿੱਚੋਂ 424 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿੱਚ ਮੋਹਰੀ ਸਥਾਨ ਹਾਸਲ ਕੀਤਾ ਹੈ।
ਡਿਪਟੀ ਕਮਿਸ਼ਨਰ ਟੀ. ਬੈਨਿਥ ਆਈਏਐੱਸ ਨੇ ਸਿੱਖਿਆ ਵਿਭਾਗ ਬਰਨਾਲਾ ਨੂੰ ਇਸ ਪ੍ਰਾਪਤੀ ’ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਤਹਿਤ ਵੱਖ-ਵੱਖ 6 ਮਾਪਦੰਡ ਰੱਖੇ ਗਏ ਸਨ ਜਿਨ੍ਹਾਂ ਵਿੱਚ ਲਰਨਿੰਗ ਆਊਟਕਮ, ਪ੍ਰਭਾਵਸ਼ਾਲੀ ਕਲਾਸਰੂਮ, ਬੁਨਿਆਦੀ ਢਾਂਚਾ, ਸਕੂਲ ਸੇਫਟੀ, ਡਿਜੀਟਲ ਲਾਰਨਿੰਗ, ਗਵਰਨੈਂਸ ਪ੍ਰੋਸੈੱਸ ਆਦਿ ਸ਼ਾਮਲ ਹਨ। ਇਨ੍ਹਾਂ ਮਾਪਦੰਡਾਂ ਤਹਿਤ ਸਰਵੇਖਣ ਦੌਰਾਨ ਸਕੂਲਾਂ ਦੇ ਬੁਨਿਆਦੀ ਢਾਂਚੇ ਤੋਂ ਲੈ ਕੇ ਪੜ੍ਹਾਉਣ ਦੇ ਤਰੀਕਿਆਂ ਤੱਕ ਦੇਖੇ ਗਏ। ਅਧਿਕਾਰੀ ਨੇ ਦੱਸਿਆ ਕਿ ਪਰਫਾਰਮੈਂਸ ਗਰੇਡਿੰਗ ਇੰਡੈਕਸ ਦਾ ਮੁੱਖ ਮਕਸਦ ਭਾਰਤ ਵਿੱਚ ਸਕੂਲ ਸਿੱਖਿਆ ਦੀ ਮੌਜੂਦਾ ਅਤੇ ਜ਼ਮੀਨੀ ਸਥਿਤੀ ਨੂੰ ਜਾਣਨਾ ਅਤੇ ਸਹੂਲਤਾਂ ਨੂੰ ਹੋਰ ਬਿਹਤਰ ਕਰਨਾ ਹੈ। ਇਹ ਭਾਰਤ ਸਰਕਾਰ ਵਲੋਂ 2017 ਵਿੱਚ ਸ਼ੁਰੂ ਕੀਤਾ ਗਿਆ ਸੀ।