ਬਰਨਾਲਾ ਕੌਂਸਲ ਵੱਲੋਂ ਬਗ਼ੈਰ ਨਕਸ਼ਾ ਪਾਸ 9 ਹੋਟਲਾਂ ਨੂੰ ਨੋਟਿਸ ਜਾਰੀ
ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਵੱਲੋਂ ਬਗ਼ੈਰ ਨਕਸ਼ਾ ਪਾਸ ਅਤੇ ਸੀਐੱਲਯੂ ਦੇ ਸ਼ਹਿਰ ਦੇ 9 ਹੋਟਲਾਂ ਨੂੰ ਨੋਟਿਸ ਜਾਰੀ ਕਰ ਕੇ 25 ਸਤੰਬਰ ਤੱਕ ਆਪਣਾ ਪੱਖ ਪੇਸ਼ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਨਗਰ ਕੌਂਸਲ ਵੱਲੋਂ ਜਾਰੀ ਨੋਟਿਸ ਅਨੁਸਾਰ ਜੇ ਸਬੰਧਤ ਹੋਟਲ 25 ਸਤੰਬਰ ਤੱਕ ਆਪਣਾ ਪੱਖ ਨਹੀਂ ਰੱਖਦੇ ਤਾਂ ਮਿਉਂਸਿਪਲ ਐਕਟ ਦੀਆਂ ਧਾਰਾਵਾਂ ਤਹਿਤ ਹੋਟਲ ਸੀਲ ਕਰ ਦਿੱਤੇ ਜਾਣਗੇ। ਸ਼ਹਿਰ ਦੇ ਜਿਨ੍ਹਾਂ 9 ਮਸ਼ਹੂਰ ਹੋਟਲਾਂ ਨੂੰ ਹੋਟਲ ਦਾ ਨਕਸ਼ਾ/ਸੀਐੱਲਯੂ ਅਤੇ ਹੋਰ ਲੋੜੀਂਦੀਆਂ ਮਨਜ਼ੂਰੀਆਂ ਦੇ ਦਸਤਾਵੇਜ਼ ਪੇਸ਼ ਕਰਨ ਲਈ ਨੋਟਿਸ ਕੱਢੇ ਗਏ ਹਨ ਉਨ੍ਹਾਂ ’ਚ ਹੋਟਲ ਵੀਵਾਨ ਨੇੜੇ ਜੀ-ਮਾਲ ਬਠਿੰਡਾ ਬਾਈਪਾਸ, ਹੋਟਲ ਵਾਲਿੰਗਟਨ, ਹੋਟਲ ਡਾਇਮੰਡ ਰਾਏਕੋਟ ਰੋਡ, ਹੋਟਲ ਸਿਮਰ ਨੇੜੇ ਆਈ ਟੀ ਆਈ ਚੌਕ, ਹੋਟਲ ਮਿਲਨ ਨੇੜੇ ਆਈ ਟੀ ਆਈ ਚੌਕ, ਹੋਟਲ ਕੈਨੇਡਾ ਨੇੜੇ ਆਈ ਟੀ ਆਈ ਚੌਕ, ਹੋਟਲ ਟੇਸਟੀ ਟੱਚ ਨੇੜੇ ਫਰਵਾਹੀ ਚੂੰਗੀ, ਹੋਟਲ 123 ਨੇੜੇ ਤਰਕਸ਼ੀਲ ਚੌਕ, ਹੋਟਲ ਰੋਇਲ ਸਿਟੀ ਹੰਢਿਆਇਆ ਰੋਡ ਦੇ ਨਾਮ ਸ਼ਾਮਲ ਹਨ। ਕੌਂਸਲ ਵੱਲੋਂ ਜਾਰੀ ਨੋਟਿਸ ਅਨਸਾਰ ਹੋਟਲ ਦਾ ਨਕਸ਼ਾ /ਸੀਐੱਲਯੂ ਨਗਰ ਕੌਂਸਲ ਬਰਨਾਲਾ ਪਾਸੋਂ ਪ੍ਰਵਾਨ ਨਹੀਂ ਹੋਇਆ ਹੈ। ਇਸ ਤੋਂ ਸਪੱਸ਼ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਇਹ ਬਿਲਡਿੰਗ ਦੀ ਵਰਤੋਂ ਅਣਧਿਕਾਰਤ ਤੌਰ ’ਤੇ ਹੋਟਲ ਵਜੋਂ ਕੀਤੀ ਜਾ ਰਹੀ ਹੈ। ਇਸ ਸਬੰਧੀ 25 ਸਤੰਬਰ ਤੱਕ ਪੱਖ ਪੇਸ਼ ਨਾ ਕਰਨ ਦੀ ਸੂਰਤ ’ਚ ਪੰਜਾਬ ਮਿਉਂਸੀਪਲ ਐਕਟ 1911 ਅਤੇ ਪੰਜਾਬ ਮਿਉਂਸੀਪਲ ਬਿਲਡਿੰਗ ਬਾਇਲੇਜ 2018 ਤਹਿਤ ਕਾਰਵਾਈ ਕਰਦੇ ਹੋਏ ਆਪ ਦੀ ਬਿਲਡਿੰਗ ਸੀਲ ਕਰ ਦਿੱਤੀ ਜਾਵੇਗੀ।