DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤਾਪਘਰ ਨੇੜੇ ਧਰਨੇ ’ਤੇ ਪਾਬੰਦੀ

ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਨੇ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ’ਤੇ...
  • fb
  • twitter
  • whatsapp
  • whatsapp
Advertisement

ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਨੇ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲੀਸ ਮਾਨਸਾ ਵੱਲੋਂ ਪੱਤਰ ਰਾਹੀਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਅਕਸਰ ਹੀ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਤਾਪਘਰ ਦੇ ਮੇਨ ਗੇਟ ’ਤੇ ਰੋਸ/ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜਿਸ ਨਾਲ ਜਿੱਥੇ ਤਾਪਘਰ ਵਿੱਚ ਕੰਮ ਕਰਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਉਥੇ ਹੀ ਥਰਮਲ ਪਲਾਂਟ ਦਾ ਕੰਮ-ਕਾਜ ਵੀ ਪ੍ਰਭਾਵਿਤ ਹੁੰਦਾ ਹੈ। ਇਹ ਹੁਕਮ 30 ਸਤੰਬਰ ਤੱਕ ਲਾਗੂ ਰਹੇਗਾ।

ਅੰਤਰਰਾਜੀ ਚੋਰ ਗਰੋਹ ਦਾ ਮੈਂਬਰ ਕਾਬੂ

ਕਾਲਾਂਵਾਲੀ: ਸੀਆਈਏ ਸਟਾਫ ਕਾਲਾਂਵਾਲੀ ਦੇ ਇੰਚਾਰਜ ਸੁਰੇਸ਼ ਕੁਮਾਰ ਦੀ ਟੀਮ ਨੇ ਕਾਰਵਾਈ ਕਰਦਿਆਂ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦੇ ਲੋੜੀਂਦੇ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਪਾਲ ਸਿੰਘ ਵਾਸੀ ਕਮਾਲੂ ਜ਼ਿਲ੍ਹਾ ਬਠਿੰਡਾ ਪੰਜਾਬ ਵਜੋਂ ਹੋਈ ਹੈ। ਸੀਆਈਏ ਸਟਾਫ ਕਾਲਾਂਵਾਲੀ ਦੇ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ 16 ਅਗਸਤ ਨੂੰ ਨਾਕਾਬੰਦੀ ਦੌਰਾਨ ਉਨ੍ਹਾਂ ਦੀ ਟੀਮ ਨੇ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦੇ ਤਿੰਨ ਮੈਂਬਰਾਂ ਹੈਪੀ ਸਿੰਘ, ਗਗਨਦੀਪ ਸਿੰਘ ਉਰਫ਼ ਗਗਨੀ ਅਤੇ ਬਲਜੀਤ ਸਿੰਘ ਵਾਸੀ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਪੰਜਾਬ ਨੂੰ ਦੋ ਚੋਰੀ ਅਤੇ ਇੱਕ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਵਾਹਨ ਕਾਲਾਂਵਾਲੀ ਤੋਂ ਚੋਰੀ ਹੋਏ ਸਨ। ਮੁਲਜ਼ਮ ਹਰਪਾਲ ਸਿੰਘ ਇਸ ਮੋਟਰਸਾਈਕਲ ਦੀ ਚੋਰੀ ਵਿੱਚ ਸ਼ਾਮਲ ਸੀ। -ਪੱਤਰ ਪ੍ਰੇਰਕ

Advertisement

ਅਮਨ ਅਰੋੜਾ ਦੇ ਘਰ ਦੇ ਘਿਰਾਓ ਦੀ ਚਿਤਾਵਨੀ

ਲੰਬੀ: ਐੱਨਐੱਸਕਿਊਐੱਫ ਵੋਕੇਸ਼ਨਲ ਅਧਿਆਪਕ ਫਰੰਟ ਪੰਜਾਬ ਨੇ ਕਿਹਾ ਕਿ 20 ਅਗਸਤ ਨੂੰ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੀ ਸਬ-ਕਮੇਟੀ ਨਾਲ ਮੀਟਿੰਗ ਦੌਰਾਨ ਜੇਕਰ 11 ਸਾਲਾਂ ਤੋਂ ਬਕਾਇਆ ਮਸਲੇ ਹੱਲ ਨਾ ਹੋਏ ਤਾਂ 24 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਫਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਨੇ ਦੋਸ਼ ਲਾਇਆ ਕਿ ਮਾਨ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਜਾਣ-ਬੁੱਝ ਕੇ ਟਾਲ ਰਹੀ ਹੈ। ਉਨ੍ਹਾਂ ਕਿਹਾ ਕਿ ‘ਬਰਾਬਰ ਕੰਮ, ਬਰਾਬਰ ਤਨਖ਼ਾਹ’ ਲਾਗੂ ਕਰਦੇ ਅਧਿਆਪਕਾਂ ਨੂੰ ਆਊਟਸੋਰਸ ਸਕੀਮ ਤੋਂ ਹਟਾ ਕੇ ਸਿੱਧੇ ਤੌਰ ’ਤੇ ਵਿਭਾਗੀ ਠੇਕੇ ਅਧੀਨ ਲਿਆਂਦਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ 20 ਅਗਸਤ ਦੀ ਮੀਟਿੰਗ ਵਿੱਚ ਹੱਲ ਨਾ ਨਿਕਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। -ਪੱਤਰ ਪ੍ਰੇਰਕ

ਪੌਣੇ ਤਿੰਨ ਕਿਲੋ ਅਫ਼ੀਮ ਸਣੇ ਦੋ ਕਾਬੂ

ਸਿਰਸਾ: ਪੁਲੀਸ ਨੇ ਕਾਰ ਸਵਾਰ ਦੋ ਨੌਜਵਾਨਾਂ ਨੂੰ ਦੋ ਕਿਲੋ 696 ਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਮਿਤ ਕੁਮਾਰ ਵਾਸੀ ਸਿਵਾਨੀ ਅਤੇ ਰਾਜੇਸ਼ ਕੁਮਾਰ ਵਾਸੀ ਹਨੂੰਮਾਨਗੜ੍ਹ ਹਾਲ ਵਾਸੀ ਪਿੰਡ ਨਲੋਈ ਥਾਣਾ ਸਿਵਾਨੀ ਵਜੋਂ ਹੋਈ ਹੈ। ਸੀਆਈਏ ਥਾਣਾ ਇੰਚਾਰਜ ਸਬ-ਇੰਸਪੈਕਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲੀਸ ਦੀ ਇੱਕ ਟੀਮ ਡਿੰਗ ਰੋਡ ’ਤੇ ਮੌਜੂਦ ਸੀ। ਗੁਪਤ ਸੂਚਨਾ ਦੇ ਆਧਾਰ ਪੁਲੀਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ। ਇਸ ਦੌਰਾਨ ਇੱਕ ਕਾਰ ਦੋ ਦਿਲੋ 696 ਗਰਾਮ ਅਫੀਮ ਬਰਾਮਦ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਨਸ਼ਾ ਤਸਕਾਰਾਂ ਦਾ ਪਤਾ ਲਾਇਆ ਜਾ ਸਕੇ। -ਨਿੱਜੀ ਪੱਤਰ ਪ੍ਰੇਰਕ

ਚੇਤਨਾ ਪਰਖ ਪ੍ਰੀਖਿਆ 29 ਨੂੰ

ਸ਼ਹਿਣਾ: ਤਰਕਸ਼ੀਲ ਸੁਸਾਇਟੀ ਵੱਲੋਂ ਕਰਾਈ ਜਾ ਰਹੀ ਚੇਤਨਾ ਪਰਖ ਪ੍ਰੀਖਿਆ 29 ਅਗਸਤ ਨੂੰ ਹੋਵੇਗੀ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਤਰਕਸ਼ੀਲ ਸੁਸਾਇਟੀ ਦੇ ਆਗੂ ਗੁਰਪ੍ਰੀਤ ਸਿੰਘ ਸ਼ਹਿਣਾ ਨੇ ਦੱਸਿਆ ਕਿ ਕਸਬਾ ਸ਼ਹਿਣਾ ਵਿੱਚ ਤਿੰਨ ਸੈਂਟਰ ਬਣਾਏ ਗਏ ਹਨ ਅਤੇ ਪੂਰੇ ਬਲਾਕ ਸ਼ਹਿਣਾ ਵਿੱਚ ਕੁੱਲ 16 ਸੈਂਟਰ ਬਣਾਏ ਗਏ ਹਨ। ਕਸਬਾ ਸ਼ਹਿਣਾ ਵਿੱਚ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸ਼ਹੀਦ ਬੁੱਧੂ ਖਾਨ ਸੀਨੀਅਰ ਸੈਕੰਡਰੀ ਸਕੂਲ, ਆਰਪੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸੈਂਟਰ ਹੋਣਗੇ। ਤਰਕਸ਼ੀਲ ਆਗੂ ਨੇ ਇਹ ਵੀ ਦੱਸਿਆ ਕਿ ਇਸ ਵਾਰ ਦੀ ਪ੍ਰੀਖਿਆ ਗ਼ਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੋਵੇਗੀ। ਤਰਕਸ਼ੀਲ ਸੁਸਾਇਟੀ ਵੱਲੋਂ ਕਰਾਈ ਜਾ ਰਹੀ ਚੇਤਨਾ ਪਰਖ਼ ਪ੍ਰੀਖਿਆ ਸੱਤਵੀਂ ਪ੍ਰੀਖਿਆ ਹੈ। ਉਨ੍ਹਾਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਕੋਲ ਸੂਬੇ ਭਰ ਵਿੱਚੋਂ 30 ਹਜ਼ਾਰ ਤੋਂ ਵੱਧ ਰਜਿਸਟਰੇਸ਼ਨ ਹੋ ਚੁੱਕੀ ਹੈ। -ਪੱਤਰ ਪ੍ਰੇਰਕ

ਜ਼ਮੀਨ ਦੀ ਕੁਰਕੀ ਦਾ ਵਿਰੋਧ

ਗੁਰੂਹਰਸਹਾਏ: ਕਿਰਤੀ ਕਿਸਾਨ ਯੂਨੀਅਨ ਨੇ ਚੱਕ ਜਾਨੀਸਰ ਦੇ ਕਿਸਾਨ ਹਰਪ੍ਰੀਤ ਸਿੰਘ ਦੀ ਜ਼ਮੀਨ ਦੀ ਨਿਲਾਮੀ ਦਾ ਵਿਰੋਧ ਕਰਦਿਆਂ ਸਥਾਨਕ ਪ੍ਰਸ਼ਾਸਨ ’ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਤਹਿਸੀਲ ਦੇ ਇੱਕ ਅਧਿਕਾਰੀ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਸਾਢੇ ਛੇ ਲੱਖ ਵਿੱਚ ਜ਼ਮੀਨ ਕੁਰਕ ਕਰਵਾਈ ਹੈ। ਕੇਕੇਯੂ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ,ਬੀ ਕੇ ਯੂ ਉਗਰਾਹਾਂ ਦੇ ਪ੍ਰਧਾਨ ਸੋਹਣ ਸਿੰਘ, ਖਜ਼ਾਨਚੀ ਪਰਮਜੀਤ ਸਿੰਘ ਚੱਕ ਮਦਰੱਸਾ ਨੇ ਪ੍ਰਸ਼ਾਸਨ ’ਤੇ ਪੱਖਪਾਤ ਦਾ ਦੋਸ਼ ਲਾਉਂਦਿਆਂ ਨਿਖੇਧੀ ਕੀਤੀ। ਇਸ ਮੌਕੇ ਇਕਾਈ ਖਜ਼ਾਨਚੀ ਗੁਰਮੇਜ ਸਿੰਘ, ਸੁਖਦੀਪ ਸਿੰਘ, ਗੁਰਬਖਸ਼ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
×