ਖੁੱਲ੍ਹੀ ਖਰੀਦ ’ਤੇ ਪਾਬੰਦੀ; ਅਣਵਿਕੇ ਗੱਟਿਆਂ ਦੀ ਮਨਜ਼ੂਰੀ ਬਣੀ ਮੁਸੀਬਤ
ਕਿਸਾਨਾਂ ਨੇ ਸਾਰੇ ਅਣਵਿਕੇ ਝੋਨੇ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ
ਖੁੱਲ੍ਹੀ ਖਰੀਦ ’ਤੇ ਪਾਬੰਦੀ ਮਗਰੋਂ ਦਾਣਾ ਮੰਡੀ ਕਿੱਲਿਆਂਵਾਲੀ ਵਿੱਚ ਅਣਵਿਕੇ 50 ਹਜ਼ਾਰ ਗੱਟੇ ਝੋਨੇ ਦੀ ਮਨਜ਼ੂਰੀ ਨਵੀਂ ਮੁਸੀਬਤ ਬਣ ਗਈ ਹੈ। ਇਸ ਦਰਮਿਆਨ ਮਾਰਕੀਟ ਕਮੇਟੀ ਦਫ਼ਤਰ ਵਿੱਚ ਖਰੀਦ ਅਤੇ ਕਮੇਟੀ ਅਮਲੇ ਦੀ ਇੱਕ ਆੜ੍ਹਤੀ ਨਾਲ ਬੰਦ ਕਮਰਾ ਬੈਠਕ ਸੁਆਲਾਂ ’ਚ ਆ ਗਈ। ਬਾਹਰ ਖੜ੍ਹੇ ਅਣਵਿਕੇ ਝੋਨੇ ਵਾਲੇ ਕਿਸਾਨਾਂ ਨੇ ‘ਕਮਰਾ ਬੰਦ ਖਰੀਦ’ ਦੇ ਦੋਸ਼ ਲਾਏ। ਪੱਤਰਕਾਰ ਦੀ ਮੌਜੂਦਗੀ ’ਚ ਕਮਰਾ ਖੁੱਲ੍ਹਿਆ ਤਾਂ ਅੰਦਰ ਬੈਠਾ ਆੜ੍ਹਤੀ ਖਿਸਕ ਗਿਆ।
ਜੇਕਰ ਮੰਡੀ ਬੋਰਡ ਦੇ ਅਧਿਕਾਰਕ ਸੂਤਰਾਂ ਦੀ ਮੰਨੀਏ ਤਾਂ ਨਵੀਂ ਖਰੀਦ ਦੀ ਮਨਜ਼ੂਰੀ 17 ਨਵੰਬਰ ਸ਼ਾਮ ਤੱਕ ਸੀ। ਜਾਣਕਾਰੀ ਮੁਤਾਬਕ ਜ਼ਮੀਨੀ ਪੱਧਰ ’ਤੇ 1875 ਮੀਟਰਿਕ ਟਨ ਦੀ ਖਰੀਦ ਅੱਜ 18 ਨਵੰਬਰ ਵੀ ਜਾਰੀ ਰਹੀ। ਰਛਪਾਲ ਸਿੰਘ ਹਾਕੂਵਾਲਾ, ਰਵਿੰਦਰ ਸਿੰਘ ਮਹਿਣਾ, ਦਰਸ਼ਨ ਸਿੰਘ ਵਜੀਦਪੁਰ ਭੋਮਾ, ਜਸਵੰਤ ਸਿੰਘ ਘੁਮਿਆਰਾ, ਅਜੈਬ ਸਿੰਘ ਵੜਿੰਗਖੇੜਾ ਨੇ ਦੋਸ਼ ਲਾਇਆ ਕਿ ਖਰੀਦ ’ਚ ਸਿਰਫ਼ ਦੋ ਆੜ੍ਹਤੀਆਂ ਦਾ ਝੋਨਾ ਤੋਲਿਆ ਜਾ ਰਿਹਾ ਹੈ ਜਦਕਿ ਉਨ੍ਹਾਂ ਦੇ 30-40 ਹਜ਼ਾਰ ਗੱਟੇ ਅਣਵਿਕੇ ਪਏ ਹਨ। ਕਿਸਾਨਾਂ ਨੇ ਸਾਰੇ ਅਣਵਿਕੇ ਝੋਨੇ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ। ਕਈ ਆੜ੍ਹਤੀਆਂ ਨੇ ਵੀ ਮਨਜ਼ੂਰੀ ਸੂਚੀ ’ਚ ਅਣਵਿਕਿਆ ਝੋਨਾ ਨਾ ਜੋੜਨ ਦੇ ਦੋਸ਼ ਲਾਏ।
ਦੂਜੇ ਪਾਸੇ, ਬੰਦ ਕਮਰੇ ’ਚ ਬੈਠੇ ਅਮਲੇ ਨੇ ਕਿਹਾ ਅੰਦਰ ਕੋਈ ਖਰੀਦ ਨਹੀਂ ਹੋ ਰਹੀ ਬਲਕਿ ਉਹ ਸਿਰਫ਼ ਚਾਹ ਪੀ ਰਹੇ ਸਨ। ਉਨ੍ਹਾਂ ਕਿਹਾ ਨਿਯਮਾਂ ਮੁਤਾਬਕ ਖਰੀਦ ਚੱਲ ਰਹੀ ਹੈ। ਜ਼ਿਲ੍ਹਾ ਮੰਡੀ ਅਫ਼ਸਰ ਅਜੈਪਾਲ ਸਿੰਘ ਬਰਾੜ ਅਨੁਸਾਰ ਆੜ੍ਹਤੀਆਂ ਨੇ ਇੱਕ ਸਫ਼ੇ ’ਤੇ 18,750 ਮੀਟਰਿਕ ਟਨ ਬਕਾਇਆ ਝੋਨੇ ਦੀ ਸੂਚੀ ਦਿੱਤੀ ਸੀ, ਜਿਸ ’ਤੇ ਮਨਜ਼ੂਰੀ ਆਈ ਹੈ।

