DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਊਦੀ ਅਰਬ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਵਾਲਾ ਬਲਵਿੰਦਰ ਸਿੰਘ ਰਿਹਾਅ

ਨਿੱਜੀ ਪੱਤਰ ਪ੍ਰੇਰਕ ਸ੍ਰੀ ਮੁਕਤਸਰ ਸਾਹਿਬ, 7 ਸਤੰਬਰ ਸਾਊਦੀ ਅਰਬ ਵਿੱਚ ਕਤਲ ਕੇਸ ’ਚ ਸਿਰ ਕਲਮ ਕਰਨ ਦੀ ਸਜ਼ਾ ਦਾ ਸਾਹਮਣਾ ਕਰਨ ਵਾਲਾ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਦੋ ਕਰੋੜ ਰੁਪਏ (ਦਸ ਲੱਖ ਰਿਆਲ) ਦੀ ਬਲੱਡ ਮਨੀ ਦੇਣ ਤੋਂ 16...
  • fb
  • twitter
  • whatsapp
  • whatsapp
featured-img featured-img
ਬਲਵਿੰਦਰ ਸਿੰਘ ਦੀ ਰਿਹਾਈ ਉਪਰੰਤ ਕਿਸਾਨ ਆਗੂ ਬਿੱਟੁੂ ਮੱਲਣ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਲੋਕ।
Advertisement

ਨਿੱਜੀ ਪੱਤਰ ਪ੍ਰੇਰਕ

ਸ੍ਰੀ ਮੁਕਤਸਰ ਸਾਹਿਬ, 7 ਸਤੰਬਰ

Advertisement

ਸਾਊਦੀ ਅਰਬ ਵਿੱਚ ਕਤਲ ਕੇਸ ’ਚ ਸਿਰ ਕਲਮ ਕਰਨ ਦੀ ਸਜ਼ਾ ਦਾ ਸਾਹਮਣਾ ਕਰਨ ਵਾਲਾ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਦੋ ਕਰੋੜ ਰੁਪਏ (ਦਸ ਲੱਖ ਰਿਆਲ) ਦੀ ਬਲੱਡ ਮਨੀ ਦੇਣ ਤੋਂ 16 ਮਹੀਨੇ ਬਾਅਦ ਰਿਹਾਅ ਹੋ ਗਿਆ ਹੈ। ਬਲੱਡ ਮਨੀ ਦੀ ਰਕਮ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਅਦਾਲਤ ’ਚ ਜਮ੍ਹਾਂ ਕਰਵਾਉਣ ਮਗਰੋਂ ਅਦਾਲਤ ਨੇ ਬਲਵਿੰਦਰ ਦੀ ਸਜ਼ਾ ਮੁਆਫ ਕਰ ਦਿੱਤੀ ਸੀ। ਜਾਣਕਾਰੀ ਅਨੁਸਾਰ ਬਲਵਿੰਦਰ ਦੀ ਰਿਹਾਈ ਸਜ਼ਾ ਮੁਆਫ਼ ਹੋਣ ਤੋਂ 16 ਮਹੀਨਿਆਂ ਬਾਅਦ ਹੋਈ ਹੈ। ਦੂਜੇ ਪਾਸੇ ਬਲਵਿੰਦਰ ਦੀ ਸਜ਼ਾ ਮੁਆਫੀ ਬਾਰੇ ਸੂਚਨਾ ਮਿਲਦਿਆਂ ਹੀ ਪਰਿਵਾਰ ਤੇ ਪਿੰਡ ’ਚ ਖੁਸ਼ੀ ਦਾ ਮਾਹੌਲ ਹੈ।

ਸਜ਼ਾ ਮੁਆਫੀ ਲਈ ਯਤਨ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਬਿੱਟੂ ਮੱਲਣ ਨੇ ਦੱਸਿਆ ਕਿ ਬਲਵਿੰਦਰ ਸਿੰਘ, ਭਾਰਤ ਲਈ ਰਵਾਨਾ ਹੋ ਗਿਆ ਹੈ। ਉਹ ਅਤੇ ਬਲਵਿੰਦਰ ਸਿੰਘ ਦੇ ਭਾਈ ਗੋਰਾ ਸਿੰਘ ਤੇ ਜੁਗਿੰਦਰ ਸਿੰਘ ਭਲਕੇ ਬਲਵਿੰਦਰ ਸਿੰਘ ਨੂੰ ਲੈਣ ਲਈ ਦਿੱਲੀ ਹਵਾਈ ਅੱਡੇ ’ਤੇ ਜਾਣਗੇ। ਬਿੱਟੂ ਮੱਲਣ ਨੇ ਦੱਸਿਆ ਕਿ ਬਲਵਿੰਦਰ ਸਿੰਘ 2008 ’ਚ ਸਾਊਦੀ ਅਰਬ ਗਿਆ ਸੀ। 2012 ’ਚ ਸਧਾਰਨ ਲੜਾਈ ਦੀ ਘਟਨਾ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਿਸ ਦਾ ਦੋਸ਼ ਬਲਵਿੰਦਰ ਸਿੰਘ ਦੇ ਸਿਰ ਆ ਗਿਆ। ਅਦਾਲਤ ਨੇ ਉਸ ਨੂੰ ਸੱਤ ਸਾਲ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ। ਜਦੋਂ ਸੱਤ ਸਾਲ ਕੈਦ ਦੀ ਸਜ਼ਾ ਪੂਰੀ ਹੋਣ ਵਾਲੀ ਸੀ ਤਾਂ 2019 ਵਿੱਚ ਅਦਾਲਤ ਨੇ ਉਸ ਦਾ ਸਿਰ ਕਲਮ ਕਰਨ ਜਾਂ ਸਾਊਦੀ ਕਾਨੂੰਨ ਅਨੁਸਾਰ ਪੀੜਤ ਪਰਿਵਾਰ ਨੂੰ ਦਸ ਲੱਖ ਰਿਆਲ (ਭਾਰਤੀ ਕਰੰਸੀ ’ਚ ਦੋ ਕਰੋੜ ਰੁਪਏ) ਦੀ ਬਲੱਡਮਨੀ ਦੇਣ ਦਾ ਹੁਕਮ ਜਾਰੀ ਕਰ ਦਿੱਤਾ। ਸਧਾਰਨ ਪਰਿਵਾਰ ਇੰਨ੍ਹੀ ਰਕਮ ਦੇਣ ਦੇ ਸਮਰੱਥ ਨਹੀਂ ਸੀ। ਇਸ ਲਈ ਕਿਸਾਨ ਜਥੇਬੰਦੀ ਨੇ ਇਹ ਪੈਸੇ ਇਕੱਠੇ ਕਰਨ ਲਈ ਹੀਲਾ ਕੀਤਾ। ਸਿਰ ਕਲਮ ਕਰਨ ਲਈ 18 ਮਈ 2022 ਦਾ ਦਿਨ ਤੈਅ ਕੀਤਾ ਗਿਆ ਸੀ, ਪਰ ਜਥੇਬੰਦੀ ਇਸ ਤੋਂ ਪਹਿਲਾਂ ਹੀ ਦੋ ਕਰੋੜ ਰੁਪਏ ਇਕੱਠੇ ਕਰਕੇ ਸਾਊਦੀ ਅਰਬ ਦੀ ਅਦਾਲਤ ’ਚ ਭੇਜ ਦਿੱਤੇ। ਇਸ ਵਾਸਤੇ ਲੰਬੀ ਕਾਗਜ਼ੀ ਕਾਰਵਾਈ ਕਰਨੀ ਪਈ। ਉਸ ਨੇ ਦੱਸਿਆ ਕਿ ਬਲੱਡ ਮਨੀ ਮਿਲਣ ਤੋਂ ਬਾਅਦ ਭਾਵੇਂ ਅਦਾਲਤ ਨੇ ਸਿਰ ਕਲਮ ਦੀ ਸਜ਼ਾ ਤਾਂ ਮੁਆਫ ਕਰ ਦਿੱਤੀ ਪਰ ਜੇਲ੍ਹ ’ਚੋਂ ਰਿਹਾਅ ਨਹੀਂ ਕੀਤਾ। ਇਸ ਲਈ ਜਥੇਬੰਦੀ ਨੇ ਫਿਰ ਸੰਘਰਸ਼ ਵਿੱਢਿਆ ਅਤੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਕੇਂਦਰੀ ਅਧਿਕਾਰੀਆਂ ਤੇ ਵਿਦੇਸ਼ ਵਿਭਾਗ ਨਾਲ ਸੰਪਰਕ ਕੀਤਾ। ਅਖੀਰ 16 ਮਹੀਨਿਆਂ ਬਾਅਦ ਬਲਵਿੰਦਰ ਸਿੰਘ ਨੂੰ ਸਾਊਦੀ ਅਦਾਲਤ ਨੇ ਹੁਣ ਰਿਹਾਅ ਕੀਤਾ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬਲਵਿੰਦਰ ਸਿੰਘ ਵੀ ਹਵਾਈ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋ ਗਿਆ ਹੈ। ਬਿੱਟੂ ਮੱਲਣ ਤੇ ਪਰਿਵਾਰ ਨੇ ਬਲਵਿੰਦਰ ਸਿੰਘ ਦੀ ਰਿਹਾਈ ਲਈ ਯੋਗਦਾਨ ਪਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਹੈ।

Advertisement
×