ਬਲਵੀਰ ਕੌਰ ਨੇ ਮੀਨਾ ਦੇਵੀ ਨੂੰ ਹਰਾ ਕੇ ਪੰਚ ਦੀ ਚੋਣ ਜਿੱਤੀ
ਬਲਾਕ ਘੱਲ ਖ਼ੁਰਦ ਦੇ ਪਿੰਡ ਖੂਹ ਚਾਹ ਪਰਸੀਆਂ ਦੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਵਾਰਡ ਨੰਬਰ 6 ਦੀ ਪੰਚ ਦੀ ਚੋਣ ਲਈ ਪਈਆਂ ਵੋਟਾਂ 'ਚ ਆਜ਼ਾਦ ਉਮੀਦਵਾਰ ਬਲਵੀਰ ਕੌਰ ਜੇਤੂ ਰਹੀ। ਵਾਰਡ ਦੀਆਂ ਕੁੱਲ 199 ਵਿੱਚੋਂ 126 ਵੋਟਾਂ ਪੋਲ ਹੋਈਆਂ। ਬਲਵੀਰ ਕੌਰ ਨੂੰ 67 ਤੇ ਉਸ ਦੀ ਵਿਰੋਧੀ ਮੀਨਾ ਦੇਵੀ ਨੂੰ 57 ਵੋਟਾਂ ਪਈਆਂ। 1 ਵੋਟ ਨੋਟਾ ਨੂੰ ਪਈ ਤੇ 1 ਵੋਟ ਰੱਦ ਹੋ ਗਈ। ਇਸ ਤਰ੍ਹਾਂ ਬਲਵੀਰ ਕੌਰ 10 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਬਲਵੀਰ ਕੌਰ ਨੇ ਆਪਣੇ ਸਮਰਥਕਾਂ ਨਾਲ ਜਿੱਤ ਦੀ ਖ਼ੁਸ਼ੀ ਸਾਂਝੀ ਕੀਤੀ।
ਬਲਾਕ ਘੱਲ ਖ਼ੁਰਦ ਦੇ 4 ਪਿੰਡਾਂ ਸੱਪਾਂ ਵਾਲੀ, ਖਜੂਰਾਂ ਵਾਲੀ, ਹਰੀ ਪੁਰਾ ਤੇ ਚੰਗਾਲੀ ਕਦੀਮ ਦੇ ਸਰਪੰਚਾਂ ਅਤੇ 30 ਪਿੰਡਾਂ ਦੇ 57 ਪੰਚਾਂ ਦੀ ਚੋਣ ਲਈ ਵੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਸੂਚੀ ਜਾਰੀ ਕੀਤੀ ਗਈ ਸੀ। ਸੱਪਾਂ ਵਾਲੀ ਦੀ ਚੋਣ ਦਾ ਹਾਈਕੋਰਟ ਵਿੱਚ ਕੇਸ ਲੱਗਾ ਹੋਣ ਕਰਕੇ ਅੱਜ ਚੋਣ ਨਹੀਂ ਹੋ ਸਕੀ ਜਦ ਕਿ ਬਾਕੀ ਪੰਚ-ਸਰਪੰਚ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਸਨ।
ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਨੇ ਇਨ੍ਹਾਂ ਚੋਣਾਂ 'ਤੇ ਉਂਗਲ ਚੁੱਕਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇਹ ਚੋਣਾਂ ਸੱਤਾ ਦੇ ਜ਼ੋਰ 'ਤੇ ਜਿੱਤੀਆਂ ਨਹੀਂ ਬਲਕਿ ਲੁੱਟੀਆਂ ਹਨ। 2027 ਦੀਆਂ ਚੋਣਾਂ 'ਚ ਹਲਕੇ ਦੇ ਲੋਕ 'ਆਪ' ਵਾਲਿਆਂ ਤੋਂ ਇਸ ਸਭ ਦਾ ਜਵਾਬ ਮੰਗਣਗੇ।