ਬੱਲ੍ਹੋ ਦੀ ਪੰਚਾਇਤ ਨੇ ਪਿੰਡ ’ਚ ਤੀਆਂ ਮਨਾਈਆਂ
ਪੰਚਾਇਤ ਬੱਲ੍ਹੋ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਦੇ ਵਿਹੜੇ ਵਿੱਚ ਤੀਆਂ ਮਨਾਈਆਂ। ਸਮਾਗਮ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਮਾਲਵਾ ਵੈਸਟ ਜ਼ੋਨ ਇੰਚਾਰਜ ਰੁਪਿੰਦਰ ਕੌਰ ਗਿੱਲ ਨੇ ਰਿਬਨ ਕੱਟ ਕੇ ਕੀਤੀ ਅਤੇ ਲੜਕੀਆਂ ਨੂੰ ਅਸੀਰਵਾਦ ਦਿੱਤਾ। ਮੁੱਖ ਮਹਿਮਾਨ ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਤੀਆਂ ਅਸਲ ਵਿਚ ਕੁੜੀਆਂ ਦੇ ਮੇਲ ਮਿਲਾਪ ਦਾ ਤਿਉਹਾਰ ਹੁੰਦਾ ਹੈ, ਹੁਣ ਸਿਰਫ਼ ਡੀਜੇ ਲਾ ਕੇ ਖਾਨਾ ਪੂਰਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ ਤੇ ਨਵੀਂ ਪੀੜ੍ਹੀ ਨੂੰ ਵਿਰਾਸਤ ਬਾਰੇ ਜਾਣੂ ਕਰਵਾਉਣ ਸਾਡਾ ਫ਼ਰਜ਼ ਬਣਦਾ ਹੈ। ਸਰਪੰਚ ਅਮਰਜੀਤ ਕੌਰ ਦੇ ਸਹਿਯੋਗ ਨਾਲ ਤੀਆਂ ਮੌਕੇ ਸਿਲਾਈ ਟੀਚਰ ਕੁਲਜੀਤ ਕੌਰ ਵੱਲੋਂ ਪੰਜਾਬੀ ਵਿਰਾਸਤੀ ਚੀਜ਼ਾਂ ਦੀ ਪ੍ਰਦਰਸ਼ਨੀ ਲਾਈ ਗਈ, ਜਿਸ ਵਿਚ ਚਰਖਾ, ਪੱਖੀਆਂ, ਫੁੱਲਕਾਰੀਆਂ, ਅਟਰੇਨ, ਛੱਜ, ਹੱਥੀ ਕੱਢੀਆਂ ਚਾਦਰਾਂ, ਜੂਟ ਦੇ ਬੈਗ ਤੇ ਸਾਜ਼ੋ-ਸਜਾਵਟ ਵਾਲੇ ਸਾਮਾਨ ਸ਼ਾਮਲ ਸਨ। ਪਿੰਡ ਦੀਆਂ ਕੁੜੀਆਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਤੀਆਂ ਮਨਾਈਆਂ। ਇਸ ਮੌਕੇ ਪੰਚ ਹਰਵਿੰਦਰ ਕੌਰਪਰਮਜੀਤ ਕੌਰ, ਕਰਮਜੀਤ ਸਿੰਘ, ਰਾਜਵੀਰ ਕੌਰ, ਪਰਮਜੀਤ ਗੁੱਗੂ, ਅਵਤਾਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।