ਬੱਲੋ ਦੀ ਪੰਚਾਇਤ ਮੁਫ਼ਤ ਵਿੱਚ ਚੁੱਕੇਗੀ ਪਰਾਲੀ
ਬੱਲ੍ਹੋ ਪੰਚਾਇਤ ਨੇ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਦੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਚੁੱਕਣ ਦਾ ਵੱਡਾ ਫ਼ੈਸਲਾ ਲਿਆ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਲੋੜ ਨਾ ਪਵੇ ਅਤੇ ਪ੍ਰਦੂਸ਼ਣ ਤੋਂ ਬਚਾਅ ਹੋ ਸਕੇ। ਮਹਿਲਾ ਸਰਪੰਚ...
ਬੱਲ੍ਹੋ ਪੰਚਾਇਤ ਨੇ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਦੇ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਚੁੱਕਣ ਦਾ ਵੱਡਾ ਫ਼ੈਸਲਾ ਲਿਆ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਲੋੜ ਨਾ ਪਵੇ ਅਤੇ ਪ੍ਰਦੂਸ਼ਣ ਤੋਂ ਬਚਾਅ ਹੋ ਸਕੇ। ਮਹਿਲਾ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਹੇਠ ਮਤਾ ਪਾਸ ਕੀਤਾ ਗਿਆ ਕਿ ਇੱਕ ਬੇਲਰ ਮਸ਼ੀਨ ਲਗਾਈ ਜਾਵੇਗੀ ਜੋ ਵਾਰੀ ਮੁਤਾਬਕ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਦੀਆਂ ਗੱਠਾਂ ਤਿਆਰ ਕਰੇਗੀ। ਕਿਸਾਨ ਆਪਣਾ ਨਾਮ ਗ੍ਰਾਮ ਪੰਚਾਇਤ ਜਾਂ ਤਰਨਜੋਤ ਵੈੱਲਫੇਅਰ ਸੁਸਾਇਟੀ ਕੋਲ ਦਰਜ ਕਰਵਾ ਸਕਣਗੇ। ਇਸ ਉਪਰਾਲੇ ਨਾਲ ਕਿਸਾਨਾਂ ਨੂੰ ਵਾਧੂ ਖ਼ਰਚ ਦਾ ਭਾਰ ਨਹੀਂ ਝੱਲਣਾ ਪਵੇਗਾ। ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਜੇ ਸਮੁੱਚੇ ਪਿੰਡ ਦੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਤਾਂ ਉਹ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤ ਨੂੰ 5 ਲੱਖ ਰੁਪਏ ਦਾ ਇਨਾਮੀ ਦਾਨ ਵਜੋਂ ਦੇਣਗੇ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਗ੍ਰਾਮ ਪੰਚਾਇਤ ਨਾਲ ਮਿਲ ਕੇ ਪਿੰਡ ਨੂੰ ‘ਸਿਹਤਮੰਦ ਤੇ ਨਮੂਨੇ ਦਾ ਪਿੰਡ’ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਗ੍ਰਾਮ ਸੇਵਕ ਪਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਚਾਇਤ ਨੇ ਵਾਤਾਵਰਨ ਸੰਭਾਲ ਲਈ ਹੋਰ ਵੀ ਕਈ ਉਪਰਾਲੇ ਕੀਤੇ ਹਨ। ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ, ਸੁੱਕੇ ਤੇ ਗਿੱਲੇ ਕੂੜੇ ਦੇ ਵੱਖ-ਵੱਖ ਪਿਟ, ਥਾਪਰ ਮਾਡਲ ਛੱਪੜ, ਮਿੰਨੀ ਜੰਗਲ ਅਤੇ ਸਾਂਝੀਆਂ ਥਾਵਾਂ ’ਤੇ ਪੌਦੇ ਲਗਾਉਣ ਜਿਹੇ ਪ੍ਰਾਜੈਕਟ ਸਫਲਤਾਪੂਰਵਕ ਚੱਲ ਰਹੇ ਹਨ। ਇਸ ਮੌਕੇ ਪੰਚ ਹਰਬੰਸ ਸਿੰਘ, ਕਰਮਜੀਤ ਸਿੰਘ ਫ਼ੌਜੀ, ਜਗਸੀਰ ਸਿੰਘ, ਹਾਕਮ ਸਿੰਘ, ਰਾਮ ਸਿੰਘ, ਹਰਵਿੰਦਰ ਕੌਰ, ਰਾਜਵੀਰ ਕੌਰ, ਪਰਮਜੀਤ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ।