ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 6 ਜੂਨ
ਦੇਸ਼ ਵੰਡ ਦੇ ਦੁਖਾਂਤ ਨੂੰ ਆਪਣੇ ਪਿੰਡੇ ’ਤੇ ਹੰਡਾਉਣ ਵਾਲੇ ਬਲਦੇਵ ਸਿੰਘ ਅਰਾਈਆਂ ਵਾਲਾ ਦਾ ਅੱਜ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਾਕਿਸਤਾਨ ਦੇ ਬਹਾਵਲਪੁਰ ’ਚੋਂ ਉੱਠ ਕੇ ਫ਼ਰੀਦਕੋਟ ਜ਼ਿਲ੍ਹੇ ’ਚ ਪੁੱਜੇ ਸਨ।
ਉਨ੍ਹਾਂ ਲੋਕਾਂ ਦਾ ਕਤਲੇਆਮ ਅਤੇ ਉਜਾੜਾ ਆਪਣੇ ਅੱਖੀਂ ਦੇਖਿਆ ਸੀ। ਉਹ ਆਪਣੇ ਆਖ਼ਰੀ ਸਾਹ ਤੱਕ ਵੰਡ ਦਾ ਦਰਦ ਨਹੀਂ ਭੁਲਾ ਸਕੇ। ਦੇਸ਼ ਵੰਡ ਸਮੇਂ ਬਲਦੇਵ ਸਿੰਘ ਦੀ ਉਮਰ 18 ਸਾਲ ਸੀ। ਬਲਦੇਵ ਸਿੰਘ ਦੇ ਪੁੱਤਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੇਸ਼ ਵੰਡ ਸਮੇਂ ਵਾਪਰੇ ਦੁਖਾਂਤ ਦੇ ਚਸ਼ਮਦੀਦ ਸਨ ਅਤੇ ਵੰਡ ਬਾਰੇ ਜਾਨਣ ਲਈ ਉਨ੍ਹਾਂ ਨੂੰ ਕਦੇ ਕੋਈ ਕਿਤਾਬ ਜਾਂ ਦਸਤਾਵੇਜ਼ ਪੜ੍ਹਨ ਦੀ ਲੋੜ ਨਹੀਂ ਪਈ ਬਲਕਿ ਉਸ ਦੇ ਪਿਤਾ ਨੇ ਵੰਡ ਬਾਰੇ ਉਨ੍ਹਾਂ ਨੂੰ ਹਰ ਗੱਲ ਬਹੁਤ ਬਾਰੀਕੀ ਨਾਲ ਦੱਸੀ ਜੋ ਅੱਜ ਤੱਕ ਕਿਤਾਬਾਂ ਜਾਂ ਫ਼ਿਲਮਾਂ ਵਿੱਚੋਂ ਵੇਖਣ ਨੂੰ ਨਹੀਂ ਮਿਲੀ। ਭਾਰਤ ਸਰਕਾਰ ਨੇ ਬਲਦੇਵ ਸਿੰਘ ਨੂੰ 1967 ਵਿੱਚ ਪਾਸਪੋਰਟ ਜਾਰੀ ਕੀਤਾ ਸੀ ਅਤੇ ਇਸ ਮਗਰੋਂ ਉਹ ਆਪਣੀ ਜਨਮ-ਭੂਮੀ ’ਤੇ ਦੋ ਵਾਰ ਜਾ ਕੇ ਆਏ। ਭੁਪਿੰਦਰ ਸਿੰਘ ਅਰਾਈਆਂ ਵਾਲਾ ਨੇ ਦੱਸਿਆ ਕਿ ਬਲਦੇਵ ਸਿੰਘ ਆਪਣੀ 95 ਸਾਲ ਦੀ ਉਮਰ ਵਿੱਚ ਕਦੇ ਬਿਮਾਰ ਨਹੀਂ ਹੋਏ। ਉਨ੍ਹਾਂ ਕਿਹਾ ਕਿ ਬਲਦੇਵ ਸਿੰਘ ਨੂੰ ਭਾਵੇਂ ਸਕੂਲੀ ਸਿੱਖਿਆ ਨਹੀਂ ਮਿਲੀ ਪਰ ਇਸ ਦੇ ਬਾਵਜੂਦ ਉਹ ਪੰਜਾਬੀ, ਉਰਦੂ, ਫਾਰਸੀ ਆਦਿ ਭਾਸ਼ਾਵਾਂ ਜਾਣਦੇ ਸਨ। ਇਸ ਪਿੰਡ ਵਿੱਚ ਤਿੰਨ ਦਰਜਨ ਤੋਂ ਵੱਧ ਅਜਿਹੇ ਪਰਿਵਾਰ ਹਨ ਜੋ ਵੰਡ ਤੋਂ ਬਾਅਦ ਇੱਥੇ ਆ ਕੇ ਵਸੇ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਬਲਦੇਵ ਸਿੰਘ ਜਿਨ੍ਹਾਂ ਸਾਥੀਆਂ ਨਾਲ ਪਾਕਿਸਤਾਨ ਨੂੰ ਛੱਡ ਕੇ ਭਾਰਤ ਆਇਆ ਸੀ, ਮਰਨ ਤੱਕ ਉਨ੍ਹਾਂ ਨਾਲ ਭਰਾਵਾਂ ਵਾਂਗ ਨਿਭਦਾ ਰਿਹਾ।