ਬਹਿਣੀਵਾਲ ਵੱਲੋਂ ਗਾਇਕ ਮਲਕੀਤ ਸਿੰਘ ਨੂੰ ‘41 ਅੱਖਰੀ ਫੱਟੀ’ ਭੇਟ
ਪੰਜਾਬੀ ਗਾਇਕ ਅਤੇ ‘ਤੂਤਕ ਤੂਤਕ ਤੂਤੀਆਂ’ ਫੇਮ ਮਲਕੀਤ ਸਿੰਘ, ਸਮਾਜਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਹੱਥੋਂ ਪੰਜਾਬੀ 41 ਅੱਖਰੀ ਫੱਟੀ ਲੈ ਕੇ ਬਾਗੋਬਾਗ ਹੋ ਗਏ। ਉਨ੍ਹਾਂ ਫੱਟੀ ਨੂੰ ਪਹਿਲਾਂ ਮੱਥਾ ਟੇਕਿਆ ਤੇ ਚੁੰਮਿਆ। ਗਾਇਕ ਮਲਕੀਤ ਸਿੰਘ ਨੇ ਕਿਹਾ ਕਿ ਇਸ ਤੋਂ ਵੱਡੀ ਪੰਜਾਬੀ ਮਾਂ ਬੋਲੀ ਦੀ ਉੱਤਮ ਸੇਵਾ ਕੀ ਹੋ ਸਕਦੀ ਹੈ, ਜਿਸ ਵਿੱਚ ਫੱਟੀ ਨੇ ਜ਼ਿੰਦਗੀ ਦੇ ਅੱਖਰ ਉੱਕਰੇ ਹੋਣ। ਗਾਇਕ ਮਲਕੀਤ ਸਿੰਘ ਅੱਜ-ਕੱਲ੍ਹ ਇੰਗਲੈਂਡ ਵਸਦੇ ਹਨ ਤੇ ਇੰਨੀਂ ਦਿਨੀਂ ਆਪਣੇ ਇਕ ਗੀਤ ਤੇ ਫਿਲਮ ਦੇ ਸੰਬੰਧ ਤੇ ਹੜ੍ਹ ਪੀੜਤਾਂ ਦੀ ਮੱਦਦ ਲਈ ਪੰਜਾਬ ਆਏ ਹੋਏ ਹਨ।
ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਗੋਲਡਨ ਸਟਾਰ ਗਾਇਕ ਤੇ ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈਥ ਹੱਥੋਂ ਸਨਮਾਨ ਲੈਣ ਵਾਲੇ ਇਕਲੌਤੇ ਪੰਜਾਬੀ ਤੇ ਪਗੜੀਧਾਰੀ ਗਾਇਕ ਮਲਕੀਤ ਸਿੰਘ ਨੂੰ ਆਪਣੀ ਪੰਜਾਬੀ ਬੋਲੀ ਦੇ ਪਾਸਾਰ ਤੇ ਪ੍ਰਚਾਰ ਲਈ ਤਿਆਰ ਕੀਤੀ 41 ਅੱਖਰੀਂ ਫੱਟੀ ਭੇਟ ਕੀਤੀ। ਹਰਪ੍ਰੀਤ ਬਹਿਣੀਵਾਲ ਨੇ ਗਾਇਕ ਮਲਕੀਤ ਸਿੰਘ ਨੂੰ ਜਾਣੂ ਕਰਵਾਇਆ ਕਿ ਇਹ ਫੱਟੀ ਪੰਜਾਬੀ ਬੋਲੀ ਦੇ ਪਸਾਰ ਦੀ ਇਕ ਦਿਲੋ ਉੱਠਦੀ ਮੁਹਿੰਮ ਹੈ, ਜਿਸ ਫੱਟੀ ਨੇ ਪੰਜਾਬੀਆਂ ਨੂੰ ਵਿਦਿਆ ਬਖਸ਼ੀ, ਲਿਖਣ-ਪੜਣ ਦੀ ਦਾਤ ਤੇ ਜ਼ਿੰਦਗੀ ਦੇ ਅੱਖਰ ਉਕੇਰਨੇ ਤੇ ਪਹਿਚਾਣਨੇ ਸਿਖਾਏ,ਉਸ ਫੱਟੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਫੱਟੀ ਸਾਡੇ ਬਚਪਨ ਦਾ ਅੱਖਰੀ ਗਿਆਨ ਦੇਣ ਵਾਲਾ ਕੰਪਿਊਟਰ ਹੈ, ਜਿਸ ਕਰਕੇ ਇਹ ਫੱਟੀ ਜਦੋਂ ਕਿਸੇ ਦੀ ਝੋਲੀ ਪੈਂਦੀ ਹੈ, ਉਸ ਮੂਹਰੇ ਬਚਪਨ ਆਪਣੇ ਆਪ ਆ ਜਾਂਦਾ ਹੈ।
ਗਾਇਕ ਮਲਕੀਤ ਸਿੰਘ ਨੇ ਕਿਹਾ ਕਿ ਉਹ ਫੱਟੀ ਪੋਚ ਕੇ ਜਿਹੜੇ ਅੱਖਰ ਲਿਖਣੇ ਤੇ ਪਾਹੁਣੇ ਸਿੱਖੇ, ਉਹ ਅੱਜ ਤੱਕ ਉਸ ਦੀ ਪਛਾਣ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸਨਮਾਨ ਫੱਟੀ ਆਪਣੇ ਨਾਲ ਆਪਣੇ ਘਰ ਇੰਗਲੈਂਡ ਲੈ ਕੇ ਜਾਣਗੇ ਤੇ ਆਪਣੇ ਪਰਿਵਾਰ, ਬੱਚਿਆਂ ਨਾਲ ਵੀ ਫੱਟੀ ਦੀ ਕਹਾਣੀ ਸ਼ੇਅਰ ਕਰਨਗੇ।
ਇਸ ਮੌਕੇ ਸਰਬਜੀਤ ਸਿੰਘ ਅੰਮ੍ਰਿਤਸਰ ਵੀ ਮੌਜੂਦ ਸਨ।