ਬਾਬਾ ਫ਼ਰੀਦ ਆਗਮਨ ਪੁਰਬ: ਬਾਸਕਟਬਾਲ ’ਚ ਲੁਧਿਆਣਾ ਨੇ ਮੈਟਰੋ ਕਲਕੱਤਾ ਨੂੰ ਹਰਾਇਆ
ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਮਰਪਿਤ 30ਵਾਂ ਬਾਸਕਟਬਾਲ ਕੱਪ ਫ਼ਰੀਦਕੋਟ ਵਿੱਚ ਉਤਸ਼ਾਹਪੂਰਵਕ ਜਾਰੀ ਹੈ। ਬੀਤੇ ਦਿਨ ਖੇਡੇ ਗਏ ਰੋਮਾਂਚਕ ਮੈਚਾਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਖੇਡ ਅਤੇ ਜੋਸ਼ ਭਰਪੂਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਐੱਸ ਐੱਸ ਪੀ ਡਾ. ਪ੍ਰੱਗਿਆ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਖਿਡਾਰੀਆਂ ਨੂੰ ਟੀਮ ਵਰਕ, ਮਿਹਨਤ ਅਤੇ ਖੇਡਾਂ ਪ੍ਰਤੀ ਜਨੂੰਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਕੱਪ ਦੇ ਸਫ਼ਲ ਆਯੋਜਨ ਲਈ ਪ੍ਰਸ਼ਾਸਨ ਅਤੇ ਖੇਡ ਪ੍ਰੇਮੀਆਂ ਦੀ ਪ੍ਰਸ਼ੰਸਾ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਲੁਧਿਆਣਾ ਅਕੈਡਮੀ ਨੇ ਮੈਟਰੋ ਕੋਲਕਾਤਾ ਨੂੰ 71-44 ਨਾਲ ਹਰਾਇਆ, ਅੰਮ੍ਰਿਤਸਰ ਦੀ ਲੜਕੀਆਂ ਦੀ ਟੀਮ ਫ਼ਰੀਦਕੋਟ (ਲੜਕੀਆਂ) ਨੂੰ 33-32 ਨਾਲ ਹਰਾਉਣ ਵਿੱਚ ਸਫਲ ਰਹੀ। ਐੱਨ ਡਬਲਯੂ ਰੇਲਵੇ ਨੇ ਚੰਡੀਗੜ੍ਹ ਯੂਨੀਵਰਸਿਟੀ (ਲੜਕੀਆਂ) ਨੂੰ 51-45 ਨਾਲ ਹਰਾਇਆ, ਫ਼ਰੀਦਕੋਟ ਨੇ ਆਰਮੀ ਟੀਮ ਨੂੰ 86-81 ਨਾਲ ਹਰਾਇਆ। ਨਾਰਦਨ ਰੇਲਵੇ ਦੀ ਲੜਕੀਆਂ ਦੀ ਟੀਮ ਲਵਲੀ ਯੂਨੀਵਰਸਿਟੀ ਨੂੰ 62-36 ਨਾਲ ਹਰਾਉਣ ਵਿੱਚ ਸਫਲ ਰਹੀ, ਹੁਸ਼ਿਆਰਪੁਰ ਦੀ ਨੌਰਥ-ਈਸਟ ਰੇਲਵੇ ਲੜਕੀਆਂ ਦੀ ਟੀਮ 60-33 ਨਾਲ ਜੇਤੂ ਰਹੀ ਅਤੇ ਜਲੰਧਰ ਦੀ ਟੀਮ ਨੇ ਬੀ ਐੱਸ ਐੱਫ ਨੂੰ 69-38 ਨਾਲ ਹਰਾਇਆ। ਇਸ ਮੌਕੇ ਮੈਡਮ ਬੇਅੰਤ ਕੌਰ, ਚੇਅਰਮੈਨ ਮਾਰਕੀਟ ਕਮੇਟੀ ਅਮਨਦੀਪ ਸਿੰਘ ਬਾਬਾ, ਐੱਸ ਪੀ ਮਨਮਿੰਦਰ ਸਿੰਘ, ਡੀ ਐੱਸ ਪੀ ਤਰਲੋਚਨ ਸਿੰਘ, ਅਮਰਜੀਤ ਸਿੰਘ ਪਰਮਾਰ, ਜਗਮੋਹਨ ਸਿੰਘ ਲੱਕੀ, ਗੁਰਪ੍ਰੀਤ ਸਿੰਘ ਧਾਲੀਵਾਲ ਆਦਿ ਵੀ ਹਾਜ਼ਰ ਸਨ।