ਗੁਰੂ ਤੇਗ ਬਹਾਦਰ ਸੰਸਥਾ ’ਚ ਅਥਲੈਟਿਕ ਮੀਟ ਸਮਾਪਤ
ਗੋਲਾ ਸੁੱਟਣ ਮੁਕਾਬਲੇ ’ਚ ਸੰਦੀਪ ਕੌਰ, ਨਵਜੋਤ ਕੌਰ ਤੇ ਕਿਰਨਦੀਪ ਕੌਰ ਮੋਹਰੀ
ਖੇਤਰੀ ਪ੍ਰਤੀਨਿਧ
ਰਾਮਪੁਰਾ ਫੂਲ, 22 ਫਰਵਰੀ
ਸ੍ਰੀ ਗੁਰੂ ਤੇਗ ਬਹਾਦਰ ਗਰੁੱਪ ਆਫ ਇੰਸਟੀਚਿਊਟਸ ਬੱਲ੍ਹੋ ਵਿੱਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੈਡੀਕਲ ਅਫ਼ਸਰ ਨਵਸਿਮਰਨ ਸਿੰਘ ਅਤੇ ਸਰਕਾਰੀ ਸਕੂਲ ਬੱਲ੍ਹੋ ਦੇ ਹੈੱਡ ਟੀਚਰ ਜੋਤੀ ਗਰਗ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਸਿੱਧੂ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੌੜ, ਲੰਬੀ ਛਾਲ, ਗੋਲਾ ਸੁੱਟਣ, ਡਿਸਕਸ ਥਰੋ ਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਗੋਲਾ ਸੁੱਟਣ ’ਚ ਸੰਦੀਪ ਕੌਰ, ਨਵਜੋਤ ਕੌਰ ਤੇ ਕਿਰਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਕ੍ਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਰਹੇ। ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਯੁਵਰਾਜ ਗਰਗ ਨੇ ਪ੍ਰਬੰਧਕੀ ਕਮੇਟੀ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ।