ਬਠਿੰਡਾ ’ਚ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬਰੇਰੀਅਨਾਂ ਨੇ ਸਰਕਾਰ ਦੀ ਅਰਥੀ ਫੂਕੀ
‘1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬਰੇਰੀਅਨ ਫ਼ਰੰਟ’ ਦੇ ਸੱਦੇ ’ਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਅਤੇ ਬਾਬਾ ਸ੍ਰੀ ਚੰਦ ਸਰਕਾਰੀ ਕਾਲਜ ਸਰਦਾਰਗੜ੍ਹ ਦੇ ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬਰੇਰੀਅਨਾਂ ਨੇ ਪੰਜਾਬ ਸਰਕਾਰ ’ਤੇ ਮੀਟਿੰਗ ਤੋਂ ਮੁੱਕਰਨ ਦਾ ਦੋਸ਼ ਲਾਉਂਦਿਆਂ ਰੋਸ ਮਾਰਚ ਕੀਤਾ। ਰਾਜਿੰਦਰਾ ਕਾਲਜ ਤੋਂ ਸ਼ੁਰੂ ਹੋਇਆ ਇਹ ਮਾਰਚ ਬੱਸ ਸਟੈਂਡ ਹੁੰਦੇ ਹੋਏ, ਡੀ ਸੀ ਦਫ਼ਤਰ ਚੌਕ ਵਿੱਚ ਪੁੱਜਾ। ਇੱਥੇ ਵਿਖਾਵਾਕਾਰੀਆਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਆਗੂ ਪ੍ਰੋ. ਰਾਜਵੀਰ ਕੌਰ ਨੇ ਕਿਹਾ ਕਿ ਬੀਤੇ ਸੋਮਵਾਰ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਉਪਰੰਤ ਤਿੰਨ ਕੈਬਨਿਟ ਮੰਤਰੀਆਂ ਦੀ ਮੀਟਿੰਗ ਦਾ ਪ੍ਰਬੰਧ ਸੰਗਰੂਰ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇਸ ਮੀਟਿੰਗ ਨੂੰ ਬਿਨਾਂ ਕਿਸੇ ਵਾਜਬ ਕਾਰਨ ਦੇ ਮੁਲਤਵੀ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਕਿ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਮੌਕੇ 1158 ਫ਼ਰੰਟ ਦੇ ਆਗੂਆਂ ਸਮੇਤ 16 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਵੱਲੋਂ ਮਹਿਲਾ ਸਾਥੀਆਂ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਚੁੰਨੀਆਂ ਖਿੱਚੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਉਪਰੰਤ ਲਗਾਤਾਰ ਸੰਘਰਸ਼ ਸਦਕਾ ਗ੍ਰਿਫ਼ਤਾਰ ਸਾਥੀਆਂ ਨੂੰ ਰਿਹਾਅ ਕੀਤਾ ਗਿਆ ਅਤੇ ਤਿੰਨ ਕੈਬਨਿਟ ਮੰਤਰੀਆਂ ਵਿੱਤ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ 18 ਸਤੰਬਰ ਦੀ ਮੀਟਿੰਗ ਤੈਅ ਕੀਤੀ ਗਈ ਸੀ।
ਪ੍ਰੋ. ਰਾਜਵੀਰ ਕੌਰ ਨੇ ਅੱਗੇ ਕਿਹਾ ਕਿ ਸਰਕਾਰ 1158 ਭਰਤੀ ਨੂੰ ਬਚਾਉਣ ਲਈ ਰੀਵਿਊ ਪਟੀਸ਼ਨ ਦਾਇਰ ਕਰਨ ਲਈ ਪਹਿਲਾਂ ਹੀ ਦੋ ਮਹੀਨੇ ਲੰਘਾ ਚੁੱਕੀ ਹੈ ਅਤੇ ਹੁਣ ਵੀ ਇਸ ਮਸਲੇ ਉੱਤੇ ਸੁਹਿਰਦਤਾ ਨਾ ਦਿਖਾਉਣਾ ਸਰਕਾਰ ਦੀ ਬਦ-ਨੀਅਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਅਸਲ ਦੇ ਵਿੱਚ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਖੂਹ ਖਾਤੇ ਸਿੱਟਣ ਦੀ ਪੂਰੀ ਤਿਆਰੀ ਚੱਲ ਰਹੀ ਹੈ ਅਤੇ ਇਸੇ ਕਰਕੇ ਹੀ 1158 ਭਰਤੀ ਨੂੰ ਬਚਾਉਣ ਲਈ ਕੋਈ ਸੁਹਿਰਦ ਯਤਨ ਨਹੀਂ ਕੀਤਾ ਜਾ ਰਿਹਾ।
ਪ੍ਰੋ. ਰਾਜਵੀਰ ਕੌਰ ਨੇ ਕਿਹਾ ਕਿ 1158 ਭਰਤੀ ਉਨ੍ਹਾਂ ਲਈ ਜਿਉਣ-ਮਰਨ ਦਾ ਸਵਾਲ ਬਣ ਚੁੱਕੀ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਮੀਟਿੰਗ ਕਰ ਕੇ 1158 ਸਹਾਇਕ ਪ੍ਰੋਫ਼ੈਸਰਾਂ ਅਤੇ ਲਾਇਬਰੇਰੀਅਨਾਂ ਦੇ ਹੱਕਾਂ ਦੀ ਰਾਖੀ ਲਈ ਸੁਪਰੀਮ ਕੋਰਟ ਵਿੱਚ ਰੀਵਿਊ ਫ਼ਾਈਲ ਨਹੀਂ ਕੀਤੀ ਜਾਂਦੀ, ਤਾਂ 21 ਸਤੰਬਰ ਨੂੰ ਮੁੜ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।