ਠੀਕਰੀਵਾਲਾ ਅਤੇ ਸਹਿਜੜਾ ਦੀਆਂ ਆਸ਼ਾ ਵਰਕਰਾਂ ਵੱਲੋਂ ਪ੍ਰਦਰਸ਼ਨ
ਆਸ਼ਾ ਵਰਕਰ ਫੈਸਿਲੀਟੇਟਰ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਰਾਜ ਪੱਧਰੀ ਉਲੀਕੇ ਪ੍ਰੋਗਰਾਮ ਅਧੀਨ ਛੇ ਰੋਜ਼ਾ 31 ਅਗਸਤ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਸ਼ਾ ਵਰਕਰ ਤੇ ਫੈਸੀਲਿਟੇਟਰਾਂ ਨੇ ਆਪਣੇ-ਆਪਣੇ ਸੈਂਟਰਾਂ ’ਤੇ ਇਕੱਠੇ ਹੋ ਕੇ ਪਿੰਡ ਠੀਕਰੀਵਾਲਾ ਅਤੇ ਸਹਿਜੜਾ ਵਿੱਚ ਸੂਬਾ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤੇ।
ਜਥੇਬੰਦੀ ਦੀ ਪ੍ਰਧਾਨ ਸੰਦੀਪ ਕੌਰ ਪੱਤੀ ਨੇ ਦੱਸਿਆ ਕਿ ਸਰਕਾਰ ਨਾਲ ਕਈ ਵਾਰ ਗੱਲਬਾਤ ਹੋਣ ਬਾਵਜੂਦ ਮੰਗਾਂ ਬਾਰੇ ਕੋਈ ਪਹਿਕਦਮੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਘੱਟੋ-ਘੱਟ 2600 ਰੁਪਏ ਪੇ-ਕਮਿਸ਼ਨ ਤਹਿਤ ਦੇ ਕੇ ਪੱਕਾ ਕੀਤਾ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ, ਕੇਂਦਰ ਵੱਲੋਂ ਮਿਲਦਾ 1000 ਰੁਪਏ ਵਧਾ ਕੇ 10 ਹਜ਼ਾਰ ਕੀਤਾ ਜਾਵੇ, ਸ਼ਹਿਰੀ ਇਲਾਕਿਆਂ ਵਿੱਚ ਵੀ ਫੈਸਿਲੀਟੇਟਰਾਂ ਦੀ ਭਰਤੀ ਹੋਵੇ, ਸੇਵਾਮੁਕਤੀ ’ਤੇ 5 ਲੱਖ ਰੁਪਏ ਸਹਾਇਤਾ ਫੰਡ ਅਤੇ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਮੰਗਾਂ ਤੋਂ ਭੱਜਦੀ ਹੈ ਤਾਂ ਉਹ ਸੰਘਰਸ਼ ਤੇਜ਼ ਅਤੇ ਤਿੱਖਾ ਕਰਨਗੇ। ਇਸ ਮੌਕੇ ਰਵਿੰਦਰ ਕੌਰ ਠੀਕਰੀਵਾਲ, ਕੁਲਵੰਤ ਕੌਰ, ਸਰਬਜੀਤ ਕੌਰ, ਹਰਜਿੰਦਰ ਕੌਰ, ਸੋਮ, ਸਿਮਰਜੀਤ ਕੌਰ ਸਹਿਜੜਾ ਤੇ ਸਵਰਨਜੀਤ ਕੌਰ ਸਹਿਜੜਾ ਵੀ ਹਾਜ਼ਰ ਸਨ।