ਕਲਾ, ਵਿਰਾਸਤੀ ਤੇ ਵਿਦਿਅਕ ਮੇਲਾ ਸਤਰੰਗ ਯਾਦਗਾਰੀ ਹੋ ਨਿੱਬੜਿਆ
ਗੁਰਬਾਣੀ ਕੰਠ, ਸ਼ੁੱਧ ਗੁਰਬਾਣੀ ਉਚਾਰਣ ਅਤੇ ਦਸਤਾਰ ਮੁਕਾਬਲੇ ਕਰਵਾਏ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਪਰੈਲ
ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਸੱਤਰੰਗ 2025 ਕਲਾ, ਵਿਰਾਸਤੀ ਅਤੇ ਵਿੱਦਿਅਕ ਮੇਲਾ ਤਿੰਨ ਦਿਨਾਂ ਤੋਂ ਬਾਅਦ ਯਾਦਗਾਰੀ ਹੋ ਨਿਬੜਿਆ। ਮੇਲੇ ਦੇ ਤੀਸਰੇ ਦਿਨ ਗੁਰਬਾਣੀ ਕੰਠ, ਸ਼ੁੱਧ ਗੁਰਬਾਣੀ ਉਚਾਰਣ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ।
ਮੇਲੇ ਦੇ ਤੀਜੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਆ ਸਕੱਤਰ ਸੁਖਮਿੰਦਰ ਸਿੰਘ, ਇੰਚਾਰਜ ਵਿੱਦਿਆ ਹਰਜਿੰਦਰ ਕੌਰ, ਡਿਪਟੀ ਡਾਇਰੈਕਟਰ ਨਿਸ਼ਚੈ ਅਕੈਡਮੀ ਡਾ. ਰਾਜਿੰਦਰ ਕੌਰ, ਮੈਂਬਰ ਅੰਤ੍ਰਿੰਗ ਕਮੇਟੀ ਪਰਮਜੀਤ ਸਿੰਘ ਖਾਲਸਾ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਬੂਟਾ ਸਿੰਘ ਅਤੇ ਗੁਰਪ੍ਰੀਤ ਸਿੰਘ ਝੱਬਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸਮਾਪਤੀ ਸਮਾਰੋਹ ਤੋਂ ਪਹਿਲਾਂ ਮੇਲੇ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਸਕੂਲ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਮੇਲੇ ਦੌਰਾਨ ਵਿਭਾਗੀ ਪ੍ਰਦਰਸ਼ਨੀਆਂ ਅਧਿਆਪਕਾਂ ਦੀ ਨਿਗਰਾਨੀ ਵਿਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਹੁਨਰਮੰਦ ਬਣਾਉਣਾ ਹੈ। ਸਕੱਤਰ ਵਿੱਦਿਆ ਸੁਖਮਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਸਿੱਖ ਸੱਭਿਆਚਾਰ,ਕਲਾ ਅਤੇ ਵਿਦਿਆ ਦਾ ਪ੍ਰਚਾਰ ਅਤੇ ਪਸਾਰ ਕਰ ਰਹੀਆਂ ਹਨ, ਜਿਸ ਦੀ ਜਿਉਂਦੀ ਜਾਗਦੀ ਤਸਵੀਰ ਸੱਤਰੰਗ 2025 ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਹਿਲਕਦਮੀ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਕਰਦਿਆਂ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਵਿੱਚ ਨਿਖਾਰ ਆਵੇਗਾ।
ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਇਸ ਸੰਸਥਾ ਦੇ ਸਾਰੇ ਵਿਭਾਗਾਂ ਨੇ ਅਣਥੱਕ ਮਿਹਨਤ ਕੀਤੀ ਹੈ, ਇਸ ਸਮੇਂ ਜਦੋਂ ਪੂਰੀ ਦੁਨੀਆਂ ਪਦਾਰਥਕ ਸੱਭਿਆਚਾਰ ਨਾਲ ਜੁੜਕੇ ਬਣਾਉਟੀ ਜ਼ਿੰਦਗੀ ਜਿਉਂ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੰਸਥਾਵਾਂ ਕਿਰਤ,ਸਿੱਖੀ ਸਿਧਾਂਤ,ਨੈਤਿਕਤਾ ਅਤੇ ਕਿੱਤਾਮੁਖੀ ਸਿੱਖਿਆ ਰਾਹੀਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਜੀਵਨ ਜਾਂਚ ਸਿਖਾ ਰਹੀਆਂ ਹਨ।
ਪਰਮਜੀਤ ਸਿੰਘ ਖਾਲਸਾ, ਬਾਬਾ ਬੂਟਾ ਸਿੰਘ ਅਤੇ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਇਸ ਸੰਸਥਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੰਸਥਾਵਾਂ ਦੇ ਮਾਣ ਵਿੱਚ ਵਾਧਾ ਕਰਦੇ ਹੋਏ ਇਤਿਹਾਸ ਸਿਰਜਿਆ ਹੈ। ਵਿਦਿਆਰਥੀਆਂ ਵੱਲੋਂ ਖੇਡੇ ਗਏ ਨਾਟਕ ਚਾਂਦਨੀ ਚੌਕ ਤੋਂ ਸਰਹੰਦ ਤੱਕ ’ਚ ਸਿੱਖ ਇਤਿਹਾਸ ਵਿੱਚ ਹੋਏ ਜ਼ੁਲਮ ਦੀ ਦਾਸਤਾ ਬਿਆਨ ਕੀਤੀ ਗਈ ਹੈ। ਵਿਦਿਆਰਥੀਆਂ ਨੇ ਢਾਡੀ ਵਾਰਾਂ ਗਾ ਕੇ ਸਿੱਖ ਇਤਿਹਾਸ ਨੂੰ ਜੀਵਤ ਕੀਤਾ ਹੈ।
ਕਲਚਰਲ ਪ੍ਰੋਗਰਾਮ ’ਚ ਚੱਠਾ ਸੇਖਵਾਂ ਵਾਲੇ ਬਾਬਿਆਂ ਦਾ ਮਲਵਈ ਗਿੱਧਾ, ਲੋਕ ਨਾਚ ਗਿੱਧਾ, ਫੋਕ ਆਰਕੈਸਟਰਾ ਅਤੇ ਵਿਦਿਆਰਥੀਆਂ ਦੀਆਂ ਹੋਰ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹੀਆਂ। ਲੋਕ ਗਾਇਕ ਗਗਨ ਸਰਾਓਂ ਨੇ ਸੱਭਿਆਚਾਰ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਹੋਕਾ ਦਿੱਤਾ।