DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਰ ਕਿੱਲੋ ਅਫੀਮ ਸਮੇਤ ਗ੍ਰਿਫ਼ਤਾਰ ਤਸਕਰ ਫਰਾਰ

‘ਪੁਲੀਸ ਟੀਮ ਨੇ ਮੁਲਜ਼ਮ ਨੂੰ ਆਪਣੇ ਨਾਲ ਹੋਟਲ ’ਚ ਠਹਿਰਾਇਆ ਸੀ’
  • fb
  • twitter
  • whatsapp
  • whatsapp
Advertisement

ਸ਼ਗਨ ਕਟਾਰੀਆ

ਬਠਿੰਡਾ, 12 ਜੁਲਾਈ

Advertisement

ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਵੱਲੋਂ ਕਰੀਬ ਪੌਣੇ ਚਾਰ ਕਿਲੋ ਅਫ਼ੀਮ ਸਮੇਤ ਬਠਿੰਡਾ ਤੋਂ ਕਾਬੂ ਕੀਤਾ ਗਿਆ ਰਾਜਸਥਾਨ ਨਾਲ ਸਬੰਧਤ ਇੱਕ ਮੁਲਜ਼ਮ ਹੱਥਕੜੀ ਸਮੇਤ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਨੇ ਗੁਪਤ ਸੂਚਨਾ ਦੇ ਆਧਾਰ ’ਤੇ 8 ਜੁਲਾਈ ਨੂੰ ਲਹਿਰਾਬੇਗਾ ਟੌਲ ਪਲਾਜ਼ੇ ਕੋਲੋਂ ਦੋ ਵਿਅਕਤੀਆਂ ਨੂੰ 3 ਕਿਲੋ 860 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਸੀ। ਦੋਵਾਂ ਦੀ ਪਛਾਣ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਪਿੰਡ ਖੜਖਰ ਦੇ ਰਾਜੇਸ਼ ਕੁਮਾਰ ਯਾਦਵ ਅਤੇ ਪਿੰਡ ਸੰਗੂਧੌਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਬਿ ਦੇ ਕੁਲਵਿੰਦਰ ਸਿੰਘ ਵਜੋਂ ਦੱਸੀ ਜਾਂਦੀ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਬਿਊਰੋ ਦੇ ਚੰਡੀਗੜ੍ਹ ਸਥਿਤ ਥਾਣੇ ਵਿੱਚ ਮੁਕੱਦਮਾ ਦਰਜ ਹੋਇਆ ਸੀ। ਬਿਊਰੋ ਵੱਲੋਂ ਮੁਲਜ਼ਮਾਂ ਨੂੰ 9 ਜੁਲਾਈ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਸੀ।

ਸਰੋਤਾਂ ਮੁਤਾਬਿਕ ਪੜਤਾਲੀਆ ਟੀਮ ਰਿਮਾਂਡ ਦੌਰਾਨ ਮੁਲਜ਼ਮਾਂ ਨੂੰ 10 ਜੁਲਾਈ ਨੂੰ ਬਰਾਮਦਗੀ ਲਈ ਸ੍ਰੀ ਮੁਕਤਸਰ ਸਾਹਬਿ ਜ਼ਿਲ੍ਹੇ ਦੇ ਪਿੰਡ ਥਾਂਦੇ ਵਾਲਾ ਲੈ ਕੇ ਗਈ ਸੀ। ਵਾਪਸੀ ਵਕਤ ਦੇਰ ਹੋਣ ਕਾਰਨ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਿਜਾਣ ਦੀ ਬਜਾਏ ਦੋਵਾਂ ਨੂੰ ਟੀਮ ਨੇ ਬਠਿੰਡਾ ਦੇ ਇਕ ਹੋਟਲ ਵਿੱਚ ਰੱਖ ਲਿਆ। ਇਸ ਮਾਮਲੇ ’ਚ ਮੁਲਜ਼ਮਾਂ ਨੂੰ ਕਾਬੂ ਕਰਨ ਵਾਲੀ ਪੁਲੀਸ ਟੀਮ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਉਹ ਇਹ ਹੈ ਕਿ ਮੁਲਜ਼ਮਾਂ ਨੂੰ ਥਾਣੇ ਦੀ ਹਵਾਲਾਤ ’ਚ ਬੰਦ ਕਰਨ ਦੀ ਥਾਂ ਟੀਮ ਨੇ ਆਪਣੇ ਨਾਲ ਹੀ ਇੱਥੇ ਹਨੂੰਮਾਨ ਚੌਕ ਨੇੜੇ ਸਥਿਤ ਇਕ ਹੋਟਲ ਵਿੱਚ ਠਹਿਰਾ ਲਿਆ। ਪੁਲੀਸ ਅਧਿਕਾਰੀਆਂ ਮੁਤਾਬਿਕ 10 ਜੁਲਾਈ ਨੂੰ ਸਵੇਰੇ ਇੱਕ ਮੁਲਜ਼ਮ ਰਾਜੇਸ਼ ਯਾਦਵ ਪੁਲੀਸ ਨੂੰ ਝਕਾਨੀ ਦੇ ਕੇ ਉਥੋਂ ਰਫ਼ੂ ਚੱਕਰ ਹੋ ਗਿਆ। ਇਸ ਤੋਂ ਬਾਅਦ ਨਾਰਕੋਟਿਕ ਕੰਟਰੋਲ ਬਿਊਰੋ ਅੰਮ੍ਰਿਤਸਰ ਦੇ ਖੂਫ਼ੀਆ ਅਧਿਕਾਰੀ ਬਲਵੰਤ ਰਾਏ ਨੇ ਇਥੇ ਥਾਣਾ ਸਿਵਲ ਲਾਈਨ ’ਚ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਕਿ ਰਾਜੇਸ਼ ਯਾਦਵ ਪੁਲੀਸ ਕਰਮਚਾਰੀ ਨੂੰ ਧੱਕਾ ਮਾਰ ਕੇ ਫ਼ਰਾਰ ਹੋਇਆ ਹੈ ਜਦ ਕਿ ਇਸ ਦੇ ਉਲਟ ਸੀਸੀਟੀਵੀ ਕੈਮਰਿਆਂ ’ਚ ਕੈਦ ਤਸਵੀਰਾਂ ਵਿੱਚ ਉਹ ਆਰਾਮ ਨਾਲ ਜਾਂਦਾ ਨਜ਼ਰ ਆਉਂਦਾ ਹੈ।

ਘਟਨਾ ਸਬੰਧੀ ਮਾਮਲਾ ਦਰਜ: ਡੀਐੱਸਪੀ

ਡੀਐੱਸਪੀ (ਸਿਟੀ) ਬਠਿੰਡਾ ਗੁਰਪ੍ਰੀਤ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣੇਦਾਰ ਬਲਵੰਤ ਰਾਏ ਦੇ ਬਿਆਨਾਂ ’ਤੇ ਮੁਲਜ਼ਮ ਰਾਜੇਸ਼ ਯਾਦਵ ਖ਼ਿਲਾਫ਼ ਕੇਸ ਦਰਜ ਕਰਨ ਸਮੇਤ ਪੁਲੀਸ ਕਰਮਚਾਰੀਆਂ ਦੀ ਲਾਪ੍ਰਵਾਹੀ ਲਈ ਧਾਰਾ 224 ਤਹਿਤ ਕਾਰਵਾਈ ਕੀਤੀ ਗਈ ਹੈ।

Advertisement
×