ਬਠਿੰਡਾ ’ਚ ਫਾਰਮੇਸੀ ਅਫ਼ਸਰਾਂ ਤੇ ਅਟੈਂਡੈਂਟਾਂ ਨੂੰ ਵੰਡੇ ਨਿਯੁਕਤੀ ਪੱਤਰ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 25 ਜੂਨ
ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਅੱਜ ਇੱਕੇ ਜ਼ਿਲ੍ਹਾ ਪਰਸ਼ਦ ਅਧੀਨ ਚੱਲਦੇ ਸਬ-ਸਿਡਰੀ ਹੈਲਥ ਸੈਂਟਰਾਂ ’ਚ ਕੰਮ ਕਰਦੇ 23 ਫਾਰਮੇਸੀ ਅਫ਼ਸਰਾਂ ਅਤੇ 19 ਅਟੈਂਡੈਂਟ-ਕਮ-ਦਰਜਾ ਚਾਰ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਮਾਸਟਰ ਜਗਸੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ, ਸਿਹਤ ਅਤੇ ਵਿਕਾਸ ਸਮੇਤ ਰੁਜ਼ਗਾਰ ਅਤੇ ਹੋਰ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਕ੍ਰਾਂਤੀਕਾਰੀ ਤਬਦੀਲੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਆਪਣੀਆਂ ਸੇਵਾਵਾਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਸਲਾਹ ਦਿੱਤੀ।
ਏਡੀਸੀ ਕੰਚਨ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਮੁਲਾਜ਼ਮਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਇਹ ਮੁਲਾਜ਼ਮ ਪਹਿਲਾਂ ਜ਼ਿਲ੍ਹਾ ਪਰਿਸ਼ਦ ਅਧੀਨ ਚੱਲ ਰਹੇ ਸਬ ਸਿਡਰੀ ਹੈਲਥ ਸੈਂਟਰਾਂ ਚ ਬਤੌਰ ਫਾਰਮੇਸੀ ਅਫ਼ਸਰ ਅਤੇ ਅਟੈਂਡੈਂਟ-ਕਮ-ਦਰਜਾ ਚਾਰ ਵਜੋਂ ਕੰਮ ਕਰ ਰਹੇ ਸਨ। ਇਹ ਮੁਲਾਜ਼ਮ ਜਿਹੜੇ ਹੁਣ ਪ੍ਰਸੋਨਲ ਵਿਭਾਗ ਦੀ ਨੀਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਸਨ, ਉਨ੍ਹਾਂ ਨੂੰ ਨਿਯੁਕਤੀ ਦੀ ਪੇਸ਼ਕਸ਼ ਕੀਤੀ ਗਈ ਸੀ। ਇਨ੍ਹਾਂ ਮੁਲਾਜ਼ਮਾਂ ਵਿੱਚ 23 ਫਾਰਮੇਸੀ ਅਫ਼ਸਰ ਅਤੇ 19 ਅਟੈਂਡੈਂਟ-ਕਮ-ਦਰਜਾ ਚਾਰ ਮੁਲਜ਼ਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਫਾਰਮੇਸੀ ਅਫ਼ਸਰਾਂ ਜਿਨ੍ਹਾਂ ਦੀ ਪਹਿਲਾਂ ਤਨਖਾਹ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ, ਹੁਣ ਇਨ੍ਹਾਂ ਦੀ ਤਨਖਾਹ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਤੱਕ ਸ਼ਲਾਨਾ ਤਰੱਕੀ 5 ਫ਼ੀਸਦੀ ਦੀ ਦਰ ਨਾਲ ਦਿੱਤੀ ਜਾਵੇਗੀ ਅਤੇ 30 ਹਜ਼ਾਰ ਤੋਂ ਬਾਅਦ 3 ਪ੍ਰਤੀਸ਼ਤ ਦੀ ਦਰ ਨਾਲ ਸਾਲਾਨਾ ਤਰੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਟੈਂਡੈਂਟ-ਕਮ-ਦਰਜਾ ਚਾਰ ਮੁਲਜ਼ਮਾਂ ਦੀ ਪਹਿਲਾਂ ਤਨਖਾਹ 6 ਹਜ਼ਾਰ ਰੁਪਏ ਪ੍ਰਤੀ ਮਹੀਨਾ ਸੀ, ਹੁਣ ਇਨ੍ਹਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 25 ਹਜ਼ਾਰ ਰੁਪਏ ਤੱਕ ਸਾਲਾਨਾ ਤਰੱਕੀ 5 ਫ਼ੀਸਦੀ ਦੀ ਦਰ ਨਾਲ ਦਿੱਤੀ ਜਾਵੇਗੀ ਅਤੇ 25 ਹਜ਼ਾਰ ਤੋਂ ਬਾਅਦ 3 ਪ੍ਰਤੀਸ਼ਤ ਦੀ ਦਰ ਨਾਲ ਸਾਲਾਨਾ ਤਰੱਕੀ ਮਿਲਣਯੋਗ ਹੋਵੇਗੀ।
ਇਸ ਮੌਕੇ ਏਡੀਸੀ (ਜਨਰਲ) ਪੂਨਮ ਸਿੰਘ, ਸਿਖਲਾਈ ਅਧੀਨ ਆਈਏਐਸ ਹਰਸ਼ਿਤ ਸ਼ਰਮਾ, ਮੇਅਰ ਪਦਮਜੀਤ ਮਹਿਤਾ, ਚੇਅਰਮੈਨ ਇੰਮਪਰੂਵਮੈਂਟ ਟਰਸਟ ਜਤਿੰਦਰ ਭੱਲਾ, ਵਾਈਸ ਚੇਅਰਮੈਨ ਐਸਸੀ ਕਾਰਪੋਰੇਸ਼ਨ ਗੁਰਜੰਟ ਸਿੰਘ ਸਿਵੀਆਂ, ਚੇਅਰਮੈਨ ਮਾਰਕੀਟ ਕਮੇਟੀ ਬੱਲੀ ਬਲਜੀਤ ਅਤੇ ‘ਆਪ’ ਦੇ ਬਲਾਕ ਪ੍ਰਧਾਨ ਬੂਟਾ ਸਿੰਘ ਸਿਵੀਆਂ ਆਦਿ ਹਾਜ਼ਰ ਸਨ।