ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ
ਪੰਜਾਬ ਕਿਸਾਨ ਯੂਨੀਅਨ ਨੇ ਰਾਜ ਦੇ ਮਿਹਨਤੀ ਅਤੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪਰਵਾਸੀ ਮਜ਼ਦੂਰਾਂ ਖਿਲਾਫ਼ ਭੜਕਾਊ ਪ੍ਰਚਾਰ ਤੋਂ ਸੁਚੇਤ ਰਹਿਣ। ਜਥੇਬੰਦੀ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਲੋਕ ਇਸ ਭੜਕਾਊ ਪ੍ਰਚਾਰ ਨੂੰ ਰੱਦ ਕਰਕੇ ਆਪਣਾ ਧਿਆਨ ਸੂਬੇ ਦੇ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਦੀ ਸਹਾਇਤਾ ਕੇਂਦਰਿਤ ਕਰਨ। ਉਨ੍ਹਾਂ ਹੁਸ਼ਿਆਰਪੁਰ ਵਿੱਚ ਛੋਟੇ ਬੱਚੇ ਨਾਲ ਵਾਪਰੀ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਸੂਰਵਾਰ ਪਰਵਾਸੀ ਵਿਅਕਤੀ ਉੱਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕਿਸੇ ਇੱਕ ਵਿਅਕਤੀ ਦੀ ਸਜ਼ਾ ਸਮੁੱਚੇ ਭਾਈਚਾਰੇ ਨੂੰ ਦੇਣਾ ਸਰਾਸਰ ਗਲਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚੋਂ ਕਿਰਤੀ ਲੋਕਾਂ ਨੂੰ ਭਜਾਉਣ ਦਾ ਨਾਅਰਾ ਦੇਣ ਦੀ ਬਜਾਏ ‘ਕਾਰਪੋਰੇਟ ਭਜਾਓ, ਦੇਸ਼ ਬਚਾਓ’ ਦਾ ਨਾਅਰਾ ਦੇਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਐਤਕੀਂ ਹੜ੍ਹਾਂ ਸਮੇਂ ਪੰਜਾਬ ਦੀ ਮਦਦ ਉਤੇ ਆਏ ਯੂ ਪੀ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਨੇ ਸਾਂਝੀਵਾਲਤਾ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਯੂ ਪੀ ਬਿਹਾਰ ਤੋਂ ਕੰਮ ਦੀ ਭਾਲ ਵਿੱਚ ਪੰਜਾਬ ਆਏ ਪਰਵਾਸੀ ਮਜ਼ਦੂਰਾਂ ਨੂੰ ਕੰਮ ਦੇਣ ਸਮੇਂ ਸਰਕਾਰ ਕਾਗਜ਼ੀ ਕਾਰਵਾਈ ਵੇਲੇ ਤਸਦੀਕ ਲਾਜ਼ਮੀ ਕਰੇ।