ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਕਸਬੇ ਸ਼ਹਿਣਾ ਦੇ ਇੱਕ ਦਰਜਨ ਤੋਂ ਵੱਧ ਸਮਾਜ ਸੇਵੀਆਂ ਤੇ ਕਲੱਬਾਂ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਪੈਸਿਆਂ ਵੱਟੇ ਵੋਟ ਨਾ ਦੇਣ ਦੀ ਅਪੀਲ ਕੀਤੀ ਹੈ। ਫਰੈਂਡਜ਼ ਕਲੱਬ ਦੀ ਅਗਵਾਈ ਵਿੱਚ ਇਹ ਸੱਦਾ ਦਿੱਤਾ ਗਿਆ।
ਡਾਕਟਰ ਨਛੱਤਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਤਬਾਹ ਕਰਕੇ ਰੱਖ ਦਿੱਤਾ ਹੈ।
ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਕੁਝ ਦਿਨ ਖਾਧੇ ਨਸ਼ੇ ਤੁਹਾਡੇ ਪੰਜ ਸਾਲ ਦੇ ਸਮੇਂ ਨੂੰ ਦਾਅ ’ਤੇ ਲਾ ਦਿੰਦੇ ਹਨ। ਫਰੈਂਡਜ਼ ਕਲੱਬ ਦੇ ਅਹੁਦੇਦਾਰਾਂ ਨਰਿੰਦਰ ਸਿੰਗਲਾ, ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਡਾਕਟਰ ਅਨਿਲ ਗਰਗ, ਕਿਸਾਨ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ ਅਸੀਂ ਸਮੂਹ ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਚੋਣਾਂ ਚ ਨਸ਼ਿਆਂ ਦੀ ਵੰਡ ਨਾ ਕਰਨ ਅਤੇ ਨਸ਼ਿਆਂ ਵੱਟੇ ਵੋਟ ਨਹੀਂ ਦੇ ਨਾਅਰੇ ਨੂੰ ਹੋਰ ਤੇਜ਼ ਕਰਨ।
ਭਾਜਪਾ ਆਗੂ ਡਾਕਟਰ ਚਮਕੌਰ ਸਿੰਘ ਸਰੰਦੀ, ਕ੍ਰਿਸ਼ਨ ਗੋਪਾਲ ਵਿੱਕੀ ਸਮਾਜ ਸੇਵੀ, ਪਵਨ ਗਰੋਵਰ ਸਮਾਜ ਸੇਵੀ ਆਦਿ ਨੇ ਕਿਹਾ ਕਿ ਨਸ਼ੇ ਵੰਡ ਕੇ ਵੋਟਾਂ ਪ੍ਰਾਪਤ ਕਰਨੀਆਂ ਲੋਕਤੰਤਰੀ ਪ੍ਰਣਾਲੀ ਦਾ ਕਤਲ ਹੈ।

