ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਦੀ ਮਦਦ ਦੀ ਅਪੀਲ
ਕਸਬਾ ਸ਼ਹਿਣਾ, ਚੂੰਘਾਂ, ਭੋਤਨਾ ਦੇ 40 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਨੇ ਪਿੰਡ ਚੂੰਘਾਂ ਦੇ ਇੱਕ ਕਿਸਾਨ ਪਾਲ ਸਿੰਘ ਦੀ ਫੁੱਲਾਂ ਦੀ ਤਬਾਹ ਹੋਈ ਖੇਤੀ ਲਈ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਪਾਲ ਸਿੰਘ ਦਾ ਫੁੱਲਾਂ ਦੀ ਖੇਤੀ ਕਰਨ ਦਾ ਬੇਹੱਦ ਵਧੀਆ ਉਪਰਾਲਾ ਸੀ ਪਰ ਉਹ ਕੁਦਰਤ ਦੀ ਕਰੋਪੀ ਦੀ ਭੇਟ ਚੜ੍ਹ ਗਿਆ। ਫੁੱਲਾਂ ਦੀ ਖੇਤੀ ਕਰਨ ਵਾਲੇ ਇਸ ਕਿਸਾਨ ਦੀ ਸਵਾ ਲੱਖ ਰੁਪਏ ਦੀ ਫੁੱਲਾਂ ਦੀ ਫਸਲ ਮੁਰਝਾ ਗਈ ਹੈ ਅਤੇ ਫ਼ਸਲ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਗਿਆ ਹੈ। ਪਾਲ ਸਿੰਘ ਨੇ ਦੱਸਿਆ ਕਿ ਉਹ ਸੱਤ ਅੱਠ ਸਾਲ ਤੋਂ ਫੁੱਲਾਂ ਦੀ ਖੇਤੀ ਕਰ ਰਿਹਾ ਹੈ। ਇਸ ਵਾਰ ਉਸ ਨੇ ਅੱਧੇ ਏਕੜ ਵਿੱਚ ਮੈਰੀਗੋਲਡ ਅਤੇ ਜਾਫਰੀ ਫੁੱਲਾਂ ਦੀ ਖੇਤੀ ਕੀਤੀ ਸੀ। ਫਸਲ ਲਗਪਗ ਹੁਣ ਤਿਆਰ ਹੋ ਗਈ ਸੀ ਪਰੰਤੂ ਬਾਰਸ਼ ਨੇ
ਸਾਰਾ ਕੁਝ ਤਹਿਤ ਨਹਿਸ ਕਰ ਦਿੱਤਾ। ਪਾਲ ਸਿੰਘ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਬਚਾਉਣ ਲਈ ਉਹ ਪਿਛਲੇ 7 ਸਾਲ ਤੋਂ ਫੁੱਲਾਂ ਦੀ ਖੇਤੀ ਕਰ ਰਿਹਾ ਹੈ। ਫੁੱਲਾਂ ਨੂੰ ਪਾਣੀ ਕਾਫ਼ੀ ਘੱਟ ਲੱਗਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸਤੰਬਰ ਮਹੀਨੇ ਤੋਂ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਅਤੇ ਲੋਕ ਫੁੱਲ ਖਰੀਦਦੇ ਹਨ। ਵਿਆਹਾਂ ਵਿੱਚ ਵੀ ਉਸਦੇ ਫੁੱਲ ਆ ਜਾਂਦੇ ਹਨ। ਫੁੱਲਾਂ ਦੀ ਖੇਤੀ ਨਾਲ ਉਸ ਨੂੰ ਚੰਗਾ ਮੁਨਾਫ਼ਾ ਹੋਣਾ ਸੀ ਪਰ ਕੁਦਰਤ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਅਤੇ ਸੁਪਨੇ ਰੋਲ ਦਿੱਤੇ। ਕਿਸਾਨ ਪਾਲ ਸਿੰਘ ਨੇ ਸਬਜ਼ੀਆਂ ਵੀ ਲਾਈਆਂ ਸਨ ਉਹ ਵੀ ਮੀਂਹ ਦੀ ਭੇਟ ਚੜ੍ਹ ਗਈਆਂ। ਉਸ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਾਲੇ ਤੱਕ ਕੋਈ ਵੀ ਅਧਿਕਾਰੀ ਨਹੀਂ ਆਇਆ ਹੈ। -ਪੱਤਰ ਪ੍ਰੇਰਕ