ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਨਾਰਕੋ-ਹਵਾਲਾ ਵਿੱਤੀ ਰੈਕੇਟ ਦਾ ਪਰਦਾਫਾਸ਼
ਲੁਧਿਆਣਾ ਦੇ ਹਵਾਲਾ ਅਪਰੇਟਰ ਤੋਂ 20.55 ਲੱਖ ਨਗ਼ਦ ਬਰਾਮਦ
ਏਆਈਜੀ ਗੁਰਿੰਦਰਬੀਰ ਸਿੰਘ ਸਿੱਧੂ ਦੀ ਅਗਵਾਈ ਵਾਲੀ ਟੀਮ ਨੇ ਵਿੱਤੀ ਸਹਾਇਕ ਅਤੇ ਹਵਾਲਾ ਅਪਰੇਟਰ ਨੂੰ 20,55,000 ਦੀ ਡਰੱਗ ਮਨੀ ਸਣੇ ਕਾਬੂ ਕੀਤਾ ਹੈ। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ 24-25 ਦੀ ਦਰਮਿਆਨੀ ਰਾਤ ਨਸ਼ਾ ਵਿਰੋਧੀ ਕਾਰਵਾਈ ਵਿਚ ਇਕ ਵੱਡੇ ਸਰਹੱਦ ਪਾਰ ਨਸ਼ਾ ਰੈਕੇਟ ਫੜਿਆ ਸੀ, ਜਿਸ ਵਿਚ 50 ਕਿਲੋ 14 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਸੀ। ਇਸ ਮਾਮਲੇ ਵਿੱਚ ਚੱਲ ਰਹੀ ਜਾਂਚ ਦੌਰਾਨ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ ਮੁੱਖ ਵਿੱਤੀ ਸਹਾਇਕ ਅਤੇ ਹਵਾਲਾ ਆਪ੍ਰੇਟਰ ਨੂੰ ਗ੍ਰਿਫ਼ਤਾਰ ਕਰਕੇ ਅਤੇ ਡਰੱਗ ਮਨੀ 20,55,000 ਦੀ ਨਾਜਾਇਜ਼ ਕਮਾਈ ਜ਼ਬਤ ਕੀਤੀ ਹੈ। ਪਹਿਲਾਂ ਗ੍ਰਿਫ਼ਤਾਰ ਮੁਲਜ਼ਮ ਸੰਦੀਪ ਸਿੰਘ ਉਰਫ ਸੀਪਾ ਕੋਲੋਂ ਬਰਾਮਦ ਕੀਤੇ ਗਏ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਇਕ ਪਾਕਿਸਤਾਨੀ ਨਸ਼ਾ ਤਸਕਰ ਨਾਲ ਅਹਿਮ ਸੰਚਾਰ ਲਿੰਕ ਬਣਾਏ ਗਏ ਸਨ। ਏਐੱਨਟੀਐੱਫ ਹੈੱਡਕੁਆਰਟਰ ਮੁਹਾਲੀ ਅਤੇ ਫਿਰੋਜ਼ਪੁਰ ਰੇਂਜ ਦੇ ਤਕਨੀਕੀ ਸੈੱਲ ਦੀ ਮਦਦ ਨਾਲ ਹਵਾਲਾ ਅਪਰੇਟਰ ਦੀ ਪਛਾਣ ਸ਼੍ਰੀਯਾਂਸ਼ ਵਾਸੀ ਲੁਧਿਆਣਾ (ਪੱਕਾ ਵਸਨੀਕ ਬੀਕਾਨੇਰ, ਰਾਜਸਥਾਨ) ਵਜੋਂ ਹੋਈ। ਏਐੱਨਟੀਐੱਫ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼੍ਰੀਯਾਂਸ਼ ਨਸ਼ਿਆਂ ਦੇ ਪੈਸੇ ਨੂੰ ਲਾਂਡਰ ਕਰਨ ਦੀ ਸਹੂਲਤ ਲਈ ਪਾਕਿਸਤਾਨੀ ਤਸਕਰ ਦੇ ਮੈਸੇਜਿੰਗ ਲਿੰਕਾਂ ਦੀ ਵਰਤੋਂ ਕਰ ਰਿਹਾ ਸੀ। ਏਐੱਨਟੀਐੱਫ ਫ਼ਿਰੋਜ਼ਪੁਰ ਰੇਂਜ ਦੀ ਇਕ ਟੀਮ ਨੇ ਇਸ ਖੁਫੀਆ ਜਾਣਕਾਰੀ ’ਤੇ ਇਕ ਆਪਰੇਸ਼ਨ ਚਲਾਇਆ ਅਤੇ ਦੋਸ਼ੀ ਹਵਾਲਾ ਆਪ੍ਰੇਟਰ ਸ਼੍ਰੀਯਾਂਸ਼ ਨੂੰ ਗ੍ਰਿਫ਼ਤਾਰ ਕੀਤਾ। ਉਸ ਦੀ ਗ੍ਰਿਫ਼ਤਾਰੀ ’ਤੇ ਟੀਮ ਨੇ ਨਾਜਾਇਜ਼ ਨਸ਼ਾ ਤਸਕਰੀ ਦੀ ਕਮਾਈ ਹੋਣ ਦੇ ਸ਼ੱਕ ਵਿਚ 20,55,000 ਡਰੱਗ ਮਨੀ ਨਗਦ ਬਰਾਮਦ ਕੀਤੇ। ਮੁਲਜ਼ਮ ਸ਼੍ਰੀਯਾਂਸ਼ ਨੂੰ ਪਹਿਲੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਏਐੱਨਟੀਐੱਫ ਵੱਲੋਂ ਇਸ ਮਾਮਲੇ ਵਿੱਚ ਸ਼ਾਮਲ ਹੋਰ ਸਹਿ-ਮੁਲਜ਼ਮਾਂ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਜਾਰੀ ਹੈ।

