ਪਿੰਡ ਜੰਡਸਰ ’ਚ ਸਕੂਲ ਅਧਿਆਪਕ ਦੀ ਬਦਲੀ ਕਰਨ ਤੋਂ ਖ਼ਫ਼ਾ ਹੋਏ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਜੜ ਦਿੱਤਾ ਅਤੇ ਉਨ੍ਹਾਂ ਸਰਕਾਰ ਤੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਰਣਜੀਤ ਸਿੰਘ, ਜਸਵੀਰ ਸਿੰਘ, ਕੁਲਵੰਤ ਸਿੰਘ, ਰੁਪਿੰਦਰ ਸਿੰਘ, ਰਣਜੀਤ ਸਿੰਘ, ਪ੍ਰਹਿਲਾਦ ਸ਼ਰਮਾ, ਸੁਨੀਤਾ ਕੌਰ, ਜਰਨੈਲ ਖਾਨ ਆਦਿ ਨੇ ਦੱਸਿਆ ਕਿ ਈਟੀਟੀ ਅਧਿਆਪਕ ਮੰਗਲ ਸਿੰਘ ਪਿਛਲੇ ਕਈ ਸਾਲਾਂ ਤੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਹੈ। ਉਹ ਸਕੂਲ ਪ੍ਰਬੰਧਾਂ ਅਤੇ ਪੜ੍ਹਾਈ ਲਈ ਬੇਹੱਦ ਵਧੀਆ ਹੈ। ਸਕੂਲ ਪ੍ਰਸ਼ਾਸਨ ਨੇ ਉਸ ਦੀ ਬਦਲੀ ਅਸਥਾਈ ਤੌਰ ’ਤੇ ਮੌੜਾਂ ਸਕੂਲ ਦੀ ਕਰ ਦਿੱਤੀ ਹੈ ਅਤੇ ਮੌੜਾਂ ਸਕੂਲ ਤੋਂ ਗੁਰਜੀਤ ਸਿੰਘ ਨੂੰ ਪਿੰਡ ਜੰਡਸਰ ਤਾਇਨਾਤ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਜਿੰਨਾ ਚਿਰ ਮੰਗਲ ਸਿੰਘ ਦੀ ਬਦਲੀ ਮੁੜ ਪਿੰਡ ਜੰਡਸਰ ਨਹੀਂ ਕੀਤੀ ਜਾਂਦੀ ਓਨਾ ਚਿਰ ਸਕੂਲ ਦਾ ਤਾਲਾ ਨਹੀਂ ਖੋਲ੍ਹਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਅਧਿਆਪਕ ਮੰਗਲ ਸਿੰਘ ਦੀ ਬਦਲੀ ਰੰਜਿਸ਼ ਤਹਿਤ ਕੀਤੀ ਗਈ ਹੈ। ਇਸ ਮੌਕੇ ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਮੰਦਰ ਸਿੰਘ, ਪੁਲੀਸ ਪਾਰਟੀ ਨਾਲ ਪਹੁੰਚੇ ਅਤੇ ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਾਮਲੇ ਦੀ ਜਾਣਕਾਰੀ ਲਈ ਹਾਸਲ ਕੀਤੀ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ਹਿਣਾ ਹਰਿੰਦਰ ਸਿੰਘ ਉਚੇਚੇ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਅਧਿਆਪਕ ਮੰਗਲ ਸਿੰਘ ਦੀ ਬਦਲੀ ਜੰਡਸਰ ਸਕੂਲ ਵਿੱਚ ਕਰ ਦਿੱਤੀ ਜਾਵੇਗੀ। ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਅੰਮ੍ਰਿਤਪਾਲ ਸਿੰਘ ਚੇਅਰਮੈਨ, ਬਲਵੀਰ ਸਿੰਘ, ਮਨਦੀਪ ਸਿੰਘ, ਜਸਵੀਰ ਕੌਰ, ਹਰਬੰਸ ਕੌਰ, ਚਰਨਜੀਤ ਕੌਰ, ਲਖਵੀਰ ਸਿੰਘ, ਸੁਖਬੀਰ ਸਿੰਘ ਆਦ ਹਾਜ਼ਰ ਸਨ।