ਆਂਗਣਵਾੜੀ ਵਰਕਰਾਂ ਵੱਲੋਂ ਕੇਂਦਰੀ ਹਕੂਮਤ ਖ਼ਿਲਾਫ਼ ਮੁਜ਼ਾਹਰੇ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਆਲ ਇੰਡੀਆ ਫ਼ੈਡਰੇਸ਼ਨ ਦੇ ਸੱਦੇ ’ਤੇ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਇੱਥੇ ਰੋਸ ਮੁਜ਼ਾਹਰਾ ਕੀਤਾ। ਕਾਲੇ ਦੁਪੱਟੇ ਲੈ ਕੇ ਪਹੁੰਚੀਆਂ ਆਂਗਣਵਾੜੀ ਬੀਬੀਆਂ ਨੇ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਲਗਾਤਾਰ ਲੋਕ ਭਲਾਈ ਦੀਆਂ ਸਕੀਮਾਂ ਵਿੱਚ ਕਟੌਤੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸਰਵੇਖਣ ਦੱਸਦੇ ਹਨ ਕਿ ਦੇਸ਼ ਵਿੱਚ ਕਿੰਨੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਕਿਹਾ ਕਿ ਮਨੁੱਖ ਦਾ ਔਸਤਨ ਕੱਦ ਘੱਟ ਰਿਹਾ ਹੈ, ਜਿਸ ਨੂੰ ਸੁਧਾਰਨ ਲਈ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਕੇਂਦਰਾਂ ਵਿੱਚ ਸਪਲੀਮੈਂਟਰੀ ਨਿਊਟ੍ਰੇਸ਼ਨ ਤਾਜ਼ਾ ਪਕਾ ਕੇ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਬੱਚੇ ਜ਼ੰਕ ਫ਼ੂਡ ਵੱਲ ਵੱਧ ਧਿਆਨ ਦਿੰਦੇ ਹਨ, ਜੋ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੈ।
ਉਨ੍ਹਾਂ ਕਿਹਾ ਕਿ ਯੂਨੀਅਨ ਇਹ ਵੀ ਮੰਗ ਕਰਦੀ ਹੈ ਕਿ ਨਰਸਰੀ ਅਤੇ ਐਲਕੇਜੀ ਕਲਾਸਾਂ ਆਂਗਨਵਾੜੀ ਕੇਂਦਰਾਂ ਨੂੰ ਦਿੱਤੀਆਂ ਜਾਣ ਅਤੇ ਪਲੇਅ ਵੇਅ ਦਾ ਦਰਜਾ ਦਿੰਦੇ ਹੋਏ, ਆਂਗਣਵਾੜੀ ਲਿਵਿੰਗ ਸਰਟੀਫਿਕੇਟ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਅਪ੍ਰੈਲ 2022 ਵਿੱਚ ਵਰਕਰਾਂ ਤੇ ਹੈਲਪਰਾਂ ਨੂੰ ਗ੍ਰੈਜਟੀ ਨਾਲ ਜੋੜਨ ਦੇ ਦਿੱਤੇ ਹੁਕਮਾਂ ਦੀ ਰੌਸ਼ਨੀ ਵਿੱਚ ਯੂਨੀਅਨ ਇਹ ਮੰਗ ਵੀ ਕਰਦੀ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਗਰੈਚੁਟੀ ਲਾਭ ਤੁਰੰਤ ਦਿੱਤਾ ਜਾਵੇ। ਇਸ ਦੇ ਨਾਲ ਹੀ ਬਿਨਾਂ ਮੋਬਾਈਲ ਦਿੱਤੇ ਐਫਆਰਐਸ ਅਤੇ ਈਕੇਵਾਈਸੀ ਕਰਨ ਲਈ ਕੱਢੇ ਜਾਂਦੇ ਨੋਟਿਸ ਬੰਦ ਕੀਤੇ ਜਾਣ ਅਤੇ ਰੋਕਿਆ ਗਿਆ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ। ਇੰਜ ਹੀ ਆਂਗਣਵਾੜੀ ਕੇਂਦਰਾਂ ਵਿੱਚ ਵਾਈ-ਫ਼ਾਈ ਅਤੇ ਟੈਬ ਦਾ ਪ੍ਰਬੰਧ ਕੀਤਾ ਜਾਵੇ।
ਅਖੀਰ ’ਚ ਹਕੂਮਤ ਵੱਲੋਂ ਮੰਗਾਂ ’ਤੇ ਗੌਰ ਨਾ ਕਰਨ ’ਤੇ ਸੰਘਰਸ਼ ਪ੍ਰਚੰਡ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ।
ਇਸੇ ਦੌਰਾਨ ਮਾਨਸਾ ’ਚ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਐਫ.ਆਰ.ਐਸ ਵਰਗੇ ਕਾਲੇ ਫੁਰਮਾਨਾਂ ਦੇ ਖਿਲਾਫ਼ ਕਾਲੇ ਕੱਪੜੇ ਅਤੇ ਦੁਪੱਟੇ ਪਹਿਨਕੇ ਇਥੇ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਸੱਤਾ ਸੰਭਾਲਣ ਤੋਂ ਪਹਿਲਾਂ ਮਾਣਭੱਤਾ ਦੁੱਗਣਾ ਕਰਨ ਦਾ ਵਾਅਦਾ ਹਾਲਾਂ ਤੱਕ ਪੂਰਾ ਨਹੀਂ ਕੀਤਾ ਅਤੇ ਇਸ ਦੇ ਉਲਟ ਨਿਗੂਣਾ ਮਾਣਭੱਤਾ ਵੀ ਆਂਗਣਵਾੜੀ ਮੁਲਾਜ਼ਮਾਂ ਨੂੰ ਸਮੇਂ-ਸਿਰ ਨਹੀਂ ਮਿਲ ਰਿਹਾ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਸੂਬਾ ਆਗੂ ਅਵਿਨਾਸ਼ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਲੋਕ ਭਲਾਈ ਦੀਆਂ ਸਕੀਮਾਂ ਵਿੱਚ ਦਿਨੋ ਦਿਨ ਕਟੌਤੀ ਕਰ ਰਹੀ ਹੈ ਜਾਂ ਸਕੀਮਾਂ ਨੂੰ ਖ਼ਤਮ ਕਰਨ ਲਈ ਬੇਤੁਕੀਆਂ ਸ਼ਰਤਾਂ ਥੋਪ ਰਹੀ ਹੈ ਅਤੇ ਇੰਨ੍ਹਾਂ ਸਕੀਮਾਂ ਦੇ ਬਜਟ ਵਿੱਚ ਕਟੌਤੀ ਕੀਤੀ ਜਾ ਰਹੀ ਹੈ।