ਅਮਨਿੰਦਰ ਸਿੰਘ ਕੁਠਾਲਾ ਦੀ ਕਿਤਾਬ ਲੋਕ ਅਰਪਣ
ਅਮਨਿੰਦਰ ਸਿੰਘ ਕੁਠਾਲਾ ਵੱਲੋਂ ਲਿਖੀ ਪੁਸਤਕ ‘ਲਫ਼ਜ਼ ਜੋ ਬੋਲ ਪਏ’ ਵਧੀਕ ਡਿਪਟੀ ਕਮਿਸ਼ਨਰ ਸਤਵੰਤ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਰਿਲੀਜ਼ ਕੀਤੀ। ਏਡੀਸੀ (ਵਿਕਾਸ) ਨੇ ਕਿਹਾ ਕਿ ‘ਲਫ਼ਜ਼ ਜੋ ਬੋਲ ਪਏ’ ਇੱਕ ਐਸੀ ਕਿਤਾਬਨੁਮਾ ਲਿਖਤ ਹੈ ਜੋ ਸਮਾਜ ਦੇ ਅੰਦਰ ਚੱਲ ਰਹੀਆਂ ਵਾਸਤਵਿਕ ਸਮੱਸਿਆਵਾਂ ਨੂੰ ਬੇਨਕਾਬ ਕਰਦੀ ਹੈ। ਕਿਤਾਬ ਵਿੱਚ ਗਰੀਬੀ, ਬੇਰੁਜ਼ਗਾਰੀ, ਜਾਤੀਵਾਦ, ਧਰਮ, ਕੁਦਰਤੀ ਸੰਕਟ, ਨਸ਼ਾ, ਫਿਰਕਾ ਪ੍ਰਸਤੀ ਅਤੇ ਪਾਣੀ ਸੰਕਟ ਵਰਗੇ ਮਸਲਿਆਂ ਨੂੰ ਠੋਸ ਢੰਗ ਨਾਲ ਚਰਚਿਤ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕਿ ਇਹ ਕਿਤਾਬ ਸਿਰਫ ਸ਼ਬਦਾਂ ਦੀ ਗੂੰਜ ਨਹੀਂ, ਸਗੋਂ ਲੋਕਾਂ ਦੀ ਅੰਦਰਲੀ ਚੀਖ ਹੈ, ਜੋ ਕਦੇ ਕਦੇ ਅਣਸੁਣੀ ਕਰ ਦਿੱਤੀ ਜਾਂਦੀ ਹੈ। ਲੇਖਕ ਨੇ ਅਣਸੁਣੀਆਂ ਆਵਾਜ਼ਾਂ ਨੂੰ ਇੱਕ ਲਫ਼ਜ਼ੀ ਰੂਪ ਦਿੱਤਾ ਹੈ। ਡੀਆਰਸੀ ਕਮਲਦੀਪ ਅਤੇ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਨੇ ਕਿਹਾ ਸਾਡੇ ਸਿੱਖਿਆ ਵਿਭਾਗ ਦੇ ਨੌਜਵਾਨ ਲੇਖਕ ਅਮਨਿੰਦਰ ਸਿੰਘ ਨੇ ਆਪਣੀ ਕਲਾ, ਸਮਝ ਅਤੇ ਜੀਵਨ-ਅਨੁਭਵਾਂ ਦੇ ਸੁੰਦਰ ਮੇਲ ਨਾਲ ਇੱਕ ਸ਼ਾਨਦਾਰ ਪੁਸਤਕ ਦੀ ਰਚਨਾ ਕੀਤੀ ਹੈ।