ਰਾਜਾ ਵੜਿੰਗ ’ਤੇ ਲਗਾਏ ਦੋਸ਼ ਬੇਬੁਨਿਆਦ: ਡਿੰਪੀ ਢਿੱਲੋਂ
‘ਵਡ਼ਿੰਗ ਨੇ 12 ਹਜ਼ਾਰ ਜ਼ਰੂਰਤਮੰਦ ਪਰਿਵਾਰਾਂ ਦੇ ਕਮਰੇ ਮਨਜ਼ੂਰ ਕਰਵਾਏ’
ਹਲਕਾ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 6 ਹਜ਼ਾਰ ਫਾਈਲਾਂ ਕਟਵਾਉਣ ਦੇ ਲਗਾਏ ਦੋਸ਼ ਬੇਬੁਨਿਆਦ ਹਨ। ਡਿੰਪੀ ਢਿੱਲੋਂ ਨੇ ਦਾਅਵਾ ਕੀਤਾ ਕਿ ਸ੍ਰੀ ਵੜਿੰਗ ਨੇ ਹੁਣ ਤੱਕ ਕਰੀਬ 12 ਹਜ਼ਾਰ ਜ਼ਰੂਰਤਮੰਦ ਪਰਿਵਾਰਾਂ ਦੇ ਕਮਰੇ ਮਨਜ਼ੂਰ ਕਰਵਾਏ ਹਨ, ਜੋ ਪੂਰੀ ਤਰ੍ਹਾਂ ਆਨਲਾਈਨ ਰਿਕਾਰਡ ’ਤੇ ਅਧਾਰਿਤ ਹਨ ਅਤੇ ਇਨ੍ਹਾਂ ਦੀ ਕਿਸੇ ਵੀ ਸਮੇਂ ਜਾਂਚ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗ਼ਲਤ ਦਸਤਾਵੇਜ਼ ਹੋਣ ’ਤੇ ਨਾਮ ਕੱਟਣਾ ਵਿਭਾਗੀ ਜਾਂਚ ਦੀ ਪ੍ਰਕਿਰਿਆ ਦਾ ਹਿੱਸਾ ਹੈ, ਜਿਸ ਨਾਲ ਕਿਸੇ ਵਿਧਾਇਕ ਦਾ ਲੈਣਾ ਦੇਣਾ ਨਹੀਂ। ਡਿੰਪੀ ਢਿੱਲੋਂ ਨੇ ਡਾ. ਨਵਜੋਤ ਕੌਰ ਸਿੱਧੂ ਦੇ ਟਿਕਟ ਵੇਚਣ ਬਾਰੇ ਦੋਸ਼ਾਂ ’ਤੇ ਬੋਲਦੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਕਿਹਾ ਕਿ 2021 ਵਿਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਬਣਨ ਵਾਲੇ ਸਨ, ਪਰ ਡਾ. ਨਵਜੋਤ ਕੌਰ ਸਿੱਧੂ ਦੇ ਖੁਲਾਸਿਆਂ ਤੋਂ ਇਹ ਗੱਲ ਸਾਫ਼ ਹੋ ਗਈ ਕਿ ਕਿਸ ਕਾਰਨ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ।

