ਬਲਾਕ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਤਹਿਤ ਮਹਿਲ ਕਲਾਂ ਬਲਾਕ ਵਿੱਚ ਪੜਤਾਲ ਦੌਰਾਨ ਸਾਰੇ ਉਮੀਦਵਾਰਾਂ ਦੇ ਕਾਗਜ਼ਾਤ ਸਹੀ ਪਾਏ ਗਏ ਹਨ। ਅੱਜ ਸਵੇਰ ਤੋਂ ਸਬ ਡਿਵੀਜ਼ਨ ਮਹਿਲ ਕਲਾਂ ਦੇ ਐੱਸ ਡੀ ਐੱਮ ਬੇਅੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਤਹਿਸੀਲ ਮਹਿਲ ਕਲਾਂ ਕੰਪਲੈਕਸ ’ਚ ਬਲਾਕ ਸਮਿਤੀ ਦੇ 25 ਜ਼ੋਨਾਂ ਦੇ 84 ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਚੱਲ ਰਹੀ ਸੀ ਅਤੇ ਸ਼ਾਮ ਸਮੇਂ ਅਧਿਕਾਰੀਆਂ ਵੱਲੋਂ ਸਭ ਦੀਆਂ ਨਾਮਜ਼ਦਗੀਆਂ ਸਹੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਐੱਸ ਡੀ ਐੱਮ ਬੇਅੰਤ ਸਿੰਘ ਸਿੱਧੂ ਨੇ ਦੱਸਿਆ ਕਿ 6 ਦਸੰਬਰ ਨੂੰ ਕਾਗਜ਼ਾਂ ਦੀ ਵਾਪਸੀ ਦੌਰਾਨ ਹੀ ਚੋਣ ਮੈਦਾਨ ਵਿੱਚ ਰਹਿ ਜਾਣ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਬਲਾਕ ਦੇ 25 ਜ਼ੋਨਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ 30, ਕਾਂਗਰਸ ਵੱਲੋਂ 22, ਸ਼੍ਰੋਮਣੀ ਅਕਾਲੀ ਦਲ ਵੱਲੋਂ 16, ਭਾਜਪਾ ਵੱਲੋਂ 4, ਬੀ ਐੱਸ ਪੀ ਵੱਲੋਂ 2 ਅਤੇ 10 ਆਜ਼ਾਦ ਉਮੀਦਵਾਰ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਕੁਝ ਦੀਆਂ ਨਾਮਜ਼ਦਗੀਆਂ ਵਾਪਸ ਹੋਣਗੀਆਂ ਅਤੇ ਭਲਕੇ ਮੁਕਾਬਲੇ ਲਈ ਮੈਦਾਨ ਸਪੱਸ਼ਟ ਹੋ ਸਕੇਗਾ।
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ 1 ਬੋੜਾਵਾਲ, 1 ਕੁਲਰੀਆਂ,1 ਰਾਏਪੁਰ, 3 ਝੁਨੀਰ ਜ਼ੋਨ ਤੋਂ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਵੇਰਵਿਆਂ ਅਨੁਸਾਰ ਪੰਚਾਇਤ ਸਮਿਤੀ ਸਰਦੂਲਗੜ੍ਹ ਲਈ ਪ੍ਰਾਪਤ ਕੁੱਲ 71 ਨਾਮਜ਼ਦਗੀਆਂ ’ਚੋਂ ਫੱਤਾ ਮਾਲੋਕਾ 1, ਆਹਲੂਪੁਰ 2, ਭੂੰਦੜ 1, ਹੀਰਕੇ 1, ਸੰਘਾ 1 ਸਮੇਤ ਕੁੱਲ 6 ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਇਸੇ ਤਰ੍ਹਾਂ ਪੰਚਾਇਤ ਸਮਿਤੀ ਝੁਨੀਰ ਲਈ ਪ੍ਰਾਪਤ 95 ਨਾਮਜ਼ਦਗੀਆਂ ਚੋਂ ਕੋਈ ਵੀ ਨਾਮਜ਼ਦਗੀ ਰੱਦ ਨਹੀਂ ਹੋਈ ਹੈ।
ਨਥਾਣਾ (ਪੱਤਰ ਪ੍ਰੇਰਕ): ਪੰਚਾਇਤ ਸਮਿਤੀ ਨਥਾਣਾ ਦੀ 14 ਦਸੰਬਰ ਨੂੰ ਹੋਣ ਵਾਲੀ ਚੋਣ ਵਾਸਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਤ ਅਤੇ ਆਜਾ਼ਦ ਉਮੀਦਵਾਰਾਂ ਦੇ ਕਾਗਜਾਂ ਦੀ ਪੜਤਾਲ ਮੁਕੰਮਲ ਹੋਣ ਉਪਰੰਤ ਸਾਰੇ 79 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਠੀਕ ਪਾਏ ਗਏ।

