ਅਕਾਲੀ ਦਲ ਵੱਲੋਂ ਭਗਤਾ ਬਲਾਕ ਤੋੜਨ ਖ਼ਿਲਾਫ਼ ਧਰਨਾ
ਪੰਜਾਬ ਸਰਕਾਰ ਵੱਲੋਂ ਭਗਤਾ ਭਾਈ ਬਲਾਕ ਨੂੰ ਤੋੜਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਸਥਾਨਕ ਬਲਾਕ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਇਸ ਦੌਰਾਨ ਇਲਾਕੇ ਦੇ ਵੱਡੀ ਗਿਣਤੀ 'ਚ ਲੋਕਾਂ ਨੇ ਹਾਜ਼ਰੀ ਭਰ ਕੇ ਇਸ ਫ਼ੈਸਲੇ ਦਾ ਤਿੱਖਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਮਲੂਕਾ ਨੇ ਕਿਹਾ ਸਰਕਾਰਾਂ ਦਾ ਕੰਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਜਾਂ ਪਿੰਡਾਂ ਦੇ ਨੇੜੇ ਵੱਧ ਤੋਂ ਵੱਧ ਸਹੂਲਤਾਂ ਦੇਣਾ ਹੁੰਦਾ ਹੈ ਪਰ ਪੰਜਾਬ ਸਰਕਾਰ ਹਰ ਰੋਜ਼ ਲੋਕ ਵਿਰੋਧੀ ਫੈਸਲੇ ਲੈ ਕੇ ਜਨਤਾ ਨੂੰ ਖੱਜਲ-ਖੁਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਲਾਕ ਨੂੰ ਖਤਮ ਕਰਨ ਨਾਲ ਕੇਂਦਰ ਸਰਕਾਰ ਵੱਲੋਂ ਬਲਾਕਾਂ ਨੂੰ ਮਿਲਣ ਵਾਲੀਆਂ ਗ੍ਰਾਂਟਾਂ 'ਚ ਵੱਡਾ ਕੱਟ ਲਗ ਜਾਵੇਗਾ, ਜਿਸ ਨਾਲ ਪਿੰਡਾਂ 'ਚ ਹੋਣ ਵਾਲੇ ਵਿਕਾਸ ਕਾਰਜ ਪ੍ਰਭਾਵਿਤ ਹੋਣਗੇ। ਮਲੂਕਾ ਨੇ ਕਿਹਾ ਕਿ ਅਕਾਲੀ ਸਰਕਾਰ ਨੇ 25 ਸਾਲ ਪਹਿਲਾਂ ਭਗਤਾ ਨੂੰ ਬਲਾਕ ਦਾ ਦਰਜਾ ਦਿੱਤਾ ਸੀ ਪਰ ਮੌਜੂਦਾ ਸਰਕਾਰ ਨੂੰ ਇਹ ਗੱਲ ਹਜ਼ਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੈਂਡ ਪੂਲਿੰਗ ਨੀਤੀ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਕਾਲੀ ਦਲ ਉਸ ਦੀ ਅਜਿਹੀ ਕਿਸੇ ਵੀ ਚਾਲ ਨੂੰ ਸਫ਼ਲ ਨਹੀਂ ਹੋਣ ਦੇਵੇਗਾ। ਇਸ ਮੌਕੇ ਹਰਿੰਦਰ ਮਹਿਰਾਜ, ਗਗਨਦੀਪ ਗਰੇਵਾਲ, ਮਨਜੀਤ ਧੁੰਨਾ, ਰਾਕੇਸ਼ ਗੋਇਲ, ਜਗਮੋਹਨ ਭਗਤਾ, ਡਾ. ਜਸਪਾਲ ਸਿੰਘ ਦਿਆਲਪੁਰਾ, ਸੁਖਜਿੰਦਰ ਖਾਨਦਾਨ, ਸੁਖਮੰਦਰ ਸਿੰਘ ਸਿਰੀਏਵਾਲਾ, ਭੀਮ ਸੈਨ ਜਲਾਲ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ ਤੇ ਗੋਗੀ ਬਰਾੜ ਹਾਜ਼ਰ ਸਨ।