ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਅਕਾਲੀ ਦਲ ਹਾਰਿਆ ਨਹੀਂ, ਸਗੋਂ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਸ ਚੋਣ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਪੰਥਕ ਹਿਤੈਸ਼ੀ ਲੋਕ ਪਾਰਟੀ ਦੀਆਂ ਨੀਤੀਆਂ ਅਤੇ ਉਸ ਦੇ ਸਰਕਾਰ ਵੇਲੇ ਕੀਤੇ ਕੰਮਾਂ ਨੂੰ ਯਾਦ ਕਰ ਰਹੇ ਹਨ। ਉਹ ਅੱਜ ਇਥੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਅਰੋੜਾ ਅਤੇ ਉੱਘੇ ਸਮਾਜ ਸੇਵੀ ਮਿੱਠੂ ਕਬਾੜੀਆ ਦੇ ਭਰਾ ਦਰਸ਼ਨ ਅਰੋੜਾ ਦੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਅਕਾਲੀ ਦਲ ਦੇ ਖਤਮ ਹੋਣ ਦੇ ਭੁਲੇਖੇ ਪਾਲੀ ਬੈਠੇ ਸਨ, ਉਹ ਆਪਣੇ ਦਿਲ ਵਿਚੋਂ ਵਹਿਮ ਕੱਢ ਦੇਣ। ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਚੋਣਾਂ ਵਿੱਚ ਅਕਾਲੀ ਦਲ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਅੱਜ ਸਿੱਖ ਵਿਰੋਧੀ ਤਾਕਤਾਂ ਅਤੇ ਸਮੇਂ ਦੀਆਂ ਸਰਕਾਰਾਂ ਅਕਾਲੀ ਦਲ ਨੂੰ ਖੇਰੂੰ-ਖੇਰੂੰ ਕਰਨ ਅਤੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਹੋਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਅਨੇਕਾਂ ਵਿਅਕਤੀ ਅਜਿਹੀਆਂ ਤਾਕਤਾਂ ਦੇ ਹੱਥਾਂ ਵਿੱਚ ਖੇਡੇ ਅਤੇ ਅਕਾਲੀ ਦਲ ਨੂੰ ਪੂਰੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਪਰ ਅਕਾਲੀ ਦਲ ਦਬਿਆ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਬਾਦਲ ਸਰਕਾਰ ਦੇ ਕੰਮਾਂ ਦੀ ਪੜਚੋਲ ਕਰਨ ਲੱਗੇ ਹਨ ਅਤੇ ਮੁੜ ਤੋਂ ਆਈਆਂ ਸਰਕਾਰਾਂ ਅਜਿਹਾ ਕੋਈ ਕੰਮ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਆਪਣੀ ਜਿੱਤ ਦਾ ਝੰਡਾ ਲਹਿਰਾਏਗਾ।
ਇੱਕ ਸਵਾਲ ਦੇ ਜਵਬ ਵਿੱਚ ਸ੍ਰੀ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਆਪਸੀ ਪੰਥਕ ਏਕਤਾ ਦਾ ਹਾਮੀ ਰਿਹਾ ਹੈ ਅਤੇ ਉਸ ਨੇ ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ ਨੂੰ ਮੁੜ ਘਰ ਵਾਪਸ ਆਉਣ ਦਾ ਇੱਕ ਵਾਰ ਨਹੀਂ, ਸਗੋਂ ਅਨੇਕਾਂ ਵਾਰ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਅਕਾਲੀ ਦਲ ਦੀ ਹਕੂਮਤ ਵੱਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਦੀਆਂ ਸਾਰੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਸਮੇਂ ਵੋਟਰਾਂ ਨਾਲ ਕੀਤੇ ਗਏ ਸਾਰੇ ਵਾਅਦਿਆਂ ਤੋਂ ਮੂੰਹ ਮੋੜ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ, ਖੇਤ ਮਜ਼ਦੂਰ, ਵਪਾਰੀ, ਕਿਸਾਨ, ਸਨਅਤਕਾਰ, ਦੁਕਾਨਦਾਰ, ਮੁਲਾਜ਼ਮ ਅਤੇ ਦਲਿਤ ਵਰਗ ਗਹਿਰੀ ਨਿਰਾਸ਼ਤਾ ਦੇ ਆਲਮ ਵਿਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਰੱਖੀ ਹੈ ਅਤੇ ਚਾਰੇ ਪਾਸੇ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੈ। ਇਸ ਸ਼ਰਧਾਂਜਲੀ ਸਮਾਗਮ ਵਿਚ ਸਾਬਕਾ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ, ਡਾ. ਨਿਸ਼ਾਨ ਸਿੰਘ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਡਾ. ਵਿਜੈ ਸਿੰਗਲਾ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਹਨੀ ਮਾਨਸ਼ਾਹੀਆ, ਵਿਧਾਇਕ ਜਗਰੂਪ ਸਿੰਘ ਗਿੱਲ ਵੀ ਹਾਜ਼ਰ ਸਨ।

